ਸਰਹੱਦ ਪਾਰ ਤੋਂ ਚੱਲ ਰਹੀ ਗੈਰ-ਕਾਨੂੰਨੀ ਸਪਲਾਈ ਚੇਨ ਦਾ ਹੋਇਆ ਪਰਦਾਫਾਸ਼
ਬਠਿੰਡਾ, 18 ਮਾਰਚ : ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (CI) ਟੀਮ ਨੇ ਬਠਿੰਡਾ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ ਹੱਥਗੋਲਿਆਂ (Hand Grenades) ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਦੇ ਬੂਟਾ ਸਿੰਘ (ਗਿੱਲਵਾਲੀ) ਅਤੇ ਮੋਗਾ ਦੇ ਹਰਮੰਦਰ ਸਿੰਘ ਉਰਫ਼ ਨਿੱਕਾ ਵਜੋਂ ਹੋਈ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗ੍ਰਨੇਡ ਸਰਹੱਦ ਪਾਰਲੇ ਤੱਤਾਂ ਨਾਲ ਜੁੜੀ ਇੱਕ ਗੈਰ-ਕਾਨੂੰਨੀ ਸਪਲਾਈ-ਚੇਨ ਦਾ ਹਿੱਸਾ ਸਨ, ਜਿਸਦਾ ਮਕਸਦ ਸੂਬੇ ਦੀ ਸ਼ਾਂਤੀ ਭੰਗ ਕਰਨਾ ਸੀ। ਏਆਈਜੀ (CI) ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਮੋਗਾ-ਫਿਰੋਜ਼ਪੁਰ ਰੋਡ ਤੋਂ ਦੋਵਾਂ ਸ਼ੱਕੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ।
ਇਸ ਸਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਫਾਜ਼ਿਲਕਾ ਵਿਖੇ ਵਿਸਫੋਟਕ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਮਾਡਿਊਲ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਕਰ ਰਹੀ ਹੈ।
Read More : ਅੰਮ੍ਰਿਤਸਰ ਨੂੰ ਮਿਲੀ 11 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੌਗਾਤ
