ਮਾਮਲਾ ਦਰਜ

ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ

ਸਬਸਿਡੀ ਵਾਲੀ ਯੂਰੀਆ ਦੀ ਦੁਰਵਰਤੋਂ ਕਰਨ ਵਾਲੀ ਫੈਕਟਰੀ ਖਿਲਾਫ ਮਾਮਲਾ ਦਰਜ

ਕਪੂਰਥਲਾ, 23 ਅਗਸਤ : ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ, ਆਈ. ਏ. ਐੱਸ. ਦੇ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਹਰਕਮਲ ਪ੍ਰਿਤਪਾਲ ਸਿੰਘ ਭਰੋਤ ਦੀ ਅਗਵਾਈ ਹੇਠ ਗਠਿਤ ਸਪੈਸ਼ਲ ਟੀਮ ਨੇ ਬਲਾਕ ਫਗਵਾੜਾ ’ਚ ਪਿੰਡ ਖਾਟੀ ਵਿਚ ਮੈਸ ਸਤਿਯਮ ਇੰਡਸਟਰੀ ਵੱਲੋਂ ਸਬਸਿਡੀ ਵਾਲੀ ਯੂਰੀਆ ਦੀ ਦੁਰਵਰਤੋਂ ਕਰਦੇ ਹੋਏ ਫੜਿਆ ਗਿਆ।

ਮੁੱਖ ਖੇਤੀਬਾੜੀ ਅਫਸਰ ਡਾ. ਭਰੋਤ ਨੇ ਦੱਸਿਆ ਕਿ ਇੰਡਸਟਰੀ ’ਚ ਸਿਰਫ ਨਾਨ ਟੈਕਨੀਕਲ ਗਰੇਡ ਦੀ ਯੂਰੀਆ ਦੀ ਹੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹ ਫੈਕਟਰੀ ਦਿਨ ਵੇਲੇ ਬੰਦ ਰੱਖੀ ਜਾਂਦੀ ਸੀ ਅਤੇ ਦੇਰ ਰਾਤ ਨੂੰ ਜਨਰੇਟਰ ਦੀ ਮਦਦ ਨਾਲ ਚਲਾਈ ਜਾ ਰਹੀ ਸੀ ਤਾਂ ਜੋ ਕਿਸੇ ਨੂੰ ਵੀ ਇਸ ਦੀ ਭਣਕ ਨਾ ਲੱਗ ਸਕੇ। ਇਸ ਫੈਕਟਰੀ ’ਚ ਯੂਰੀਆ ਫਾਰਮਲਡੀਹਾਈਡ ਰੇਸਨ ਬਣਾਇਆ ਜਾਂਦਾ ਹੈ, ਜਿਸ ਦੀ ਵਰਤੋਂ ਅੱਗੇ ਅਲੱਗ-ਅਲੱਗ ਪ੍ਰੋਡਕਟਾਂ ’ਚ ਜਿਵੇਂ ਕਿ ਫੈਵੀਕੋਲ, ਪਲਾਈਵੁਡ ਆਦਿ ਵਿੱਚ ਕੀਤੀ ਜਾਂਦੀ ਹੈ। ਯੂਰੀਆ ਫਾਰਮਲਡੀਹਾਈਡ ਰੇਸਨ ਬਣਾਉਣ ਵਿੱਚ ਹੋਰ ਕੈਮੀਕਲਜ਼ ਦੇ ਨਾਲ ਯੂਰੀਆ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਇੰਡਸਟਰੀ ਦੀ ਵਰਤੋਂ ਲਈ ਟੈਕਨੀਕਲ ਗਰੇਡ ਦਾ ਯੂਰੀਆ ਜੋ ਕਿ ਬਿਨਾਂ ਸਬਸਿਡੀ ਤੇ ਹੁੰਦਾ ਹੈ ਫੁੱਲ ਰੇਟ ’ਤੇ ਕਾਫੀ ਮਹਿੰਗਾ ਹੁੰਦਾ ਹੈ ਜਦ ਕਿ ਖੇਤੀਬਾੜੀ ’ਚ ਵਰਤੋਂ ਵਾਲਾ ਯੂਰੀਆ ਸਬਸਿਡੀ ’ਤੇ ਹੋਣ ਕਾਰਨ ਸਸਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕਰ ਕੇ ਵੱਧ ਮੁਨਾਫੇ ਲਈ ਸਬਸਿਡੀ ਵਾਲੀ ਯੂਰੀਆ ਦੀ ਦੁਰਵਰਤੋ ਚੋਰੀ ਛੁਪੇ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਜੀ. ਐੱਸ. ਟੀ. ਦੀ ਇੰਟੈਲੀਜੈਂਸ ਵਿੰਗ ਲੁਧਿਆਣਾ ਵੱਲੋਂ ਛਾਪੇਮਾਰੀ ਕਰ ਕੇ ਜੀ. ਐੱਸ. ਟੀ. ਦੀ ਚੋਰੀ ਨੂੰ ਵੀ ਫੜਿਆ ਗਿਆ ਹੈ।

ਖੇਤੀਬਾੜੀ ਟੀਮ, ਜੀ. ਐੱਸ. ਟੀ. ਟੀਮ ਅਤੇ ਪੁਲਿਸ ਟੀਮ ਦੀ ਹਾਜ਼ਰੀ ’ਚ ਮੌਕੇ ’ਤੇ 95 ਬੈਗ ਭਰੇ ਹੋਏ ਸਬਸਿਡੀ ਵਾਲਾ ਯੂਰੀਆ ਅਤੇ 135 ਖਾਲੀ ਬੈਗ ਸਬਸਿਡੀ ਵਾਲਾ ਯੂਰੀਆ ਦੇ ਜਬਤ ਕਰ ਕੇ ਉਨ੍ਹਾਂ ਦਾ ਸੈਂਪਲ ਭਰ ਕੇ ਖਾਦ ਟੈਸਟ ਲੈਬਾਰਟਰੀ ਨੂੰ ਭੇਜੇ ਗਏ ਹਨ ਅਤੇ ਜ਼ਬਤ ਕੀਤੇ ਯੂਰੀਆ ਦੇ ਭਰੇ ਤੇ ਖਾਲੀ ਬੈਗ ਥਾਣਾ ਸਦਰ ਫਗਵਾੜਾ ਪੁਲਿਸ ਦੇ ਹਵਾਲੇ ਕਰਦੇ ਹੋਏ ਫੈਕਟਰੀ ਦੇ ਮਾਲਕ ਮਨੋਜ ਢੀਂਗਰਾ ਵਾਸੀ ਰਾਜਸਥਾਨ ਅਤੇ ਮਹੇਸ਼ ਲਾਲ ਵਾਸੀ ਹਰਿਆਣਾ ਖਿਲਾਫ ਖਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਦੀਆਂ ਵੱਖ—ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ।

Read More : ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅਗਲੀ ਸੁਣਵਾਈ 12 ਸਤੰਬਰ ਨੂੰ

Leave a Reply

Your email address will not be published. Required fields are marked *