ਸਮਾਗਮ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਕਹਿਰ
ਨਾਸਿਕ, 4 ਅਪ੍ਰੈਲ : ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਰਾਤ ਨੂੰ ਡਿੰਡੋਰੀ ਤਾਲੁਕਾ ਦੇ ਸ਼ਿਵਾਜੀ ਨਗਰ ਖੇਤਰ ਵਿੱਚ ਇੱਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਖੂਹ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ 6 ਬੱਚੇ ਵੀ ਸ਼ਾਮਲ ਹਨ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਦੌਰ ਪਿੰਡ ਦਾ ਰਹਿਣ ਵਾਲਾ ਦਰਗੁੜੇ ਪਰਿਵਾਰ ਇੱਕ ਬੈਂਕੁਇਟ ਹਾਲ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ। ਰਾਤ ਲਗਭਗ 10 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਖੂਹ ਪਾਣੀ ਨਾਲ ਭਰਿਆ ਹੋਣ ਕਾਰਨ ਕਾਰ ਸਵਾਰਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਦੋ ਕ੍ਰੇਨਾਂ ਤੇ ਤੈਰਾਕਾਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਸੁਨੀਲ ਦੱਤੂ ਦਰਗੁੜੇ (32), ਉਸਦੀ ਪਤਨੀ ਰੇਸ਼ਮਾ, ਆਸ਼ਾ ਅਨਿਲ ਦਰਗੁੜੇ (32) ਅਤੇ ਪਰਿਵਾਰ ਦੇ ਛੇ ਬੱਚਿਆਂ (ਪੰਜ ਕੁੜੀਆਂ ਅਤੇ ਇੱਕ ਮੁੰਡਾ) ਵਜੋਂ ਹੋਈ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੇ ਹਨ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਚਸ਼ਮਦੀਦਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਡਰਾਈਵਰ ਨੇ ਕਾਰ ਤੋਂ ਕੰਟਰੋਲ ਕਿਵੇਂ ਗੁਆਇਆ। ਇਸ ਮੰਦਭਾਗੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ।
Read More : ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਸਿਰਫ਼ 4 ਸਾਲਾਂ ‘ਚ ਦਿੱਤੀਆਂ 65,264 ਸਰਕਾਰੀ ਨੌਕਰੀਆਂ : ਭਗਵੰਤ ਮਾਨ
