ਕਿਹਾ-ਜੇਲ ਦੇ ਗੇਟ ਅੱਗੇ ਕੀਤਾ ਗਿਆ ਖੱਜਲ-ਖੁਆਰ
ਨਾਭਾ, 9 ਅਗਸਤ : ਲੰਬੇ ਸਮੇਂ ਤੋਂ ਨਾਭਾ ਦੀ ਨਵੀਂ ਜ਼ਿਲਾ ਜੇਲ ਵਿੱਚ ਬੰਦ ਬਿਕਰਮ ਮਜੀਠੀਆ ਨੂੰ ਉਨ੍ਹਾਂ ਦੀ ਭੈਣ ਸਾਬਕਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਰੱਖੜੀ ਬੰਨ੍ਹਣ ਪਹੁੰਚੇ।
ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਲ ਦੇ ਨਿਯਮਾਂ ਅਨੁਸਾਰ ਭਰਾ ਨੂੰ ਉਸ ਦੀ ਭੈਣ ਰੱਖੜੀ ਬੰਨ੍ਹਣ ਲਈ ਆ ਸਕਦੀ ਹੈ ਅਤੇ ਉਸ ਨਾਲ ਮੁਲਾਕਾਤ ਕਰ ਸਕਦੀ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਜਾਣਬੁੱਝ ਕੇ ਜੇਲ ਦੇ ਗੇਟ ਦੇ ਬਾਹਰ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ। ਉਨ੍ਹਾਂ ਜੇਲ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਕਿ ਉਹ 45 ਦਿਨਾਂ ਤੋਂ ਪੱਤਰਕਾਰਾਂ ਰਾਹੀਂ ਇਹ ਮੈਸੇਜ ਦੇ ਰਹੀ ਹੈ ਕਿ ਉਸ ਨੂੰ ਉਸ ਦੇ ਭਰਾ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ 250 ਦੇ ਕਰੀਬ ਔਰਤਾਂ ਜੇਲ੍ਹ ਦੇ ਅੰਦਰ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਪਹੁੰਚੀਆਂ ਹੋਈਆਂ ਹਨ ਪਰ ਉਸ ਦੇ ਬਾਵਜੂਦ ਉਸ ਨੂੰ ਹੀ ਕਿਉਂ ਰੋਕਿਆ ਜਾ ਰਿਹਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਹੀ ਅਜਿਹੀਆਂ ਘਟੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।
ਬੀਬੀ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਫਰੀਦਕੋਟ ਦੇ ਵਿਧਾਇਕ ਦੇ ਪੀਏ ਦੀ ਗੱਡੀ ਵਿੱਚੋਂ ਨਸ਼ੀਲਾ ਪਾਊਡਰ ਅਤੇ ਤੋਲਣ ਵਾਲੀ ਮਸ਼ੀਨ ਬਰਾਮਦ ਹੋਈ ਹੈ ਪਰ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਤਹਿਤ 65 ਹਜ਼ਾਰ ਏਕੜ ਪੰਜਾਬ ਦੀ ਸੋਨੇ ਵਰਗੀ ਜ਼ਮੀਨ ਕਿਸਾਨਾਂ ਤੋਂ ਹੜੱਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪਣੀ ਜੇਬ ਭਰਨ ਵਾਸਤੇ ਢੋਂਗ ਰਚਿਆ ਜਾ ਰਿਹਾ ਹੈ ਜੋ ਕਿ ਪੰਜਾਬ ਲਈ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਚੜ੍ਹਦੀ ਕਲਾ ਵਿੱਚ ਹਨ, ਜ਼ਿਆਦਾ ਸਮਾਂ ਉਹ ਪਾਠ ਕਰਨ ਵਿੱਚ ਰੱਬ ਦਾ ਨਾਂ ਲੈਣ ਵਿੱਚ ਲੰਘਾ ਰਹੇ ਹਨ। ਉਨ੍ਹਾਂ ਨੇ ਰੱਖੜੀ ਬੰਨ੍ਹਣ ਉਪਰੰਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਇਸ ਮੌਕੇ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਸਰਬਜੀਤ ਸਿੰਘ ਝਿੰਜਰ ਯੂਥ ਆਗੂ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਰਾਠੀ ਸਮੇਤ ਹੋਰ ਅਕਾਲੀ ਆਗੂਆਂ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਰੱਖੜੀ ਬੰਨ੍ਹਣ ਲਈ ਆਉਣ ਸਮੇਂ ਰੋਕੇ ਜਾਣ ’ਤੇ ਨਿੰਦਾ ਕੀਤੀ।
Read More : ਲਕਸ਼ਮੀ ਕਾਂਤਾ ਚਾਵਲਾ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ