11 ਮਈ 2026: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI), ਮੋਹਾਲੀ ਦੇ 30 ਕੈਡਿਟਾਂ ਵਿੱਚੋਂ 25 ਨੇ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (NDA) 157ਵੇਂ ਕੋਰਸ ਲਈ NDA (1) ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। UPSC ਦੁਆਰਾ ਐਲਾਨੇ ਗਏ ਨਤੀਜਿਆਂ ਵਿੱਚ ਪ੍ਰਾਪਤ ਪ੍ਰਭਾਵਸ਼ਾਲੀ 83% ਸਫਲਤਾ ਦਰ ਨੂੰ ਸੰਸਥਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਹ 25 ਕੈਡਿਟਾਂ ਹੁਣ ਸਰਵਿਸਿਜ਼ ਸਿਲੈਕਸ਼ਨ ਬੋਰਡ (SSB) ਇੰਟਰਵਿਊ ਲਈ ਸ਼ਾਮਲ ਹੋਣਗੇ, ਜੋ ਕਿ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲੇ ਲਈ ਅੰਤਿਮ ਚੋਣ ਪੜਾਅ ਹੈ।
ਇਸ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ, ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ, ਸ਼੍ਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ SSB ਇੰਟਰਵਿਊ ਅਤੇ ਆਉਣ ਵਾਲੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਕੈਡਿਟਾਂ ਪੰਜਾਬ ਦਾ ਮਾਣ ਹਨ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨੇ ਸੂਬੇ ਨੂੰ ਮਾਣ ਦਿਵਾਇਆ ਹੈ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ. ਚੌਹਾਨ, ਵੀਐਸਐਮ, ਨੇ ਵੀ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂਪੀਐਸਸੀ ਪ੍ਰੀਖਿਆ ਪਾਸ ਕਰਨਾ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਪਰ ਐਸਐਸਬੀ ਅਸਲ ਪ੍ਰੀਖਿਆ ਹੈ। ਉਨ੍ਹਾਂ ਕੈਡਿਟਾਂ ਨੂੰ ਇਮਾਨਦਾਰੀ, ਆਤਮ-ਨਿਰੀਖਣ ਅਤੇ ਮਾਨਸਿਕ ਇਕਾਗਰਤਾ ਨਾਲ ਤਿਆਰੀ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਸੰਸਥਾ ਦੇ ਫੈਕਲਟੀ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਇਨ੍ਹਾਂ ਨਤੀਜਿਆਂ ਲਈ ਅਣਥੱਕ ਮਿਹਨਤ ਕੀਤੀ।
ਉਨ੍ਹਾਂ ਦੱਸਿਆ ਕਿ ਸੰਸਥਾ ਦੇ 25 ਕੈਡਿਟਾਂ ਇਸ ਸਾਲ ਜੂਨ ਵਿੱਚ ਸ਼ੁਰੂ ਹੋਣ ਵਾਲੇ ਐਨਡੀਏ, ਟੀਈਐਸ (ਟੈਕਨੀਕਲ ਐਂਟਰੀ ਸਕੀਮ) ਅਤੇ ਸੀਡੀਐਸ ਕੋਰਸਾਂ ਵਿੱਚ ਸ਼ਾਮਲ ਹੋਣ ਲਈ ਕਾਲ ਲੈਟਰਾਂ ਦੀ ਉਡੀਕ ਕਰ ਰਹੇ ਹਨ।
