ਉਮੀਦਵਾਰਾਂ ਦਾ ਭਵਿੱਖ 1,75 469 ਵੋਟਰਾਂ ਦੇ ਹੱਥ, 194 ਪੋਲਿੰਗ ਸਟੇਸ਼ਨ
ਲੁਧਿਆਣਾ, 18 ਜੂਨ :- ਲੁਧਿਆਣਾ ਪੱਛਮੀ ਉਪ ਚੋਣ ਲੜ ਰਹੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਕਿਸਮਤ 1 ਲੱਖ 75 ਹਜ਼ਾਰ 469 ਵੋਟਰਾਂ ਦੇ ਹੱਥਾਂ ਵਿਚ ਹੈ, ਜਿਨ੍ਹਾਂ ਵਿਚ 90 ਹਜ਼ਾਰ 88 ਪੁਰਸ਼, 85 ਹਜ਼ਾਰ 371 ਔਰਤਾਂ ਅਤੇ 10 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।
ਬੁੱਧਵਾਰ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਜ਼ਿਲਾ ਪ੍ਰਸ਼ਾਸਨ ਵਲੋਂ ਸਥਾਪਤ 194 ਪੋਲਿੰਗ ਸਟੇਸ਼ਨਾਂ ’ਤੇ ਨਿਯੁਕਤ 776 ਕਰਮਚਾਰੀ, ਜਿਨ੍ਹਾਂ ਵਿਚ 176 ਪ੍ਰੀਜ਼ਾਈਡਿੰਗ ਅਫਸਰ ਸ਼ਾਮਲ ਹਨ, ਨੂੰ ਈ. ਵੀ. ਐੱਮ. ਨਾਲ ਰਵਾਨਾ ਕੀਤਾ ਗਿਆ। ਵੋਟਿੰਗ ਵੀਰਵਾਰ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤਕ ਜਾਰੀ ਰਹੇਗੀ, ਹਾਲਾਂਕਿ ਇਸ ਸਮੇਂ ਦੌਰਾਨ ਵੋਟਿੰਗ ਪ੍ਰਕਿਰਿਆ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਪੋਲਿੰਗ ਸਟੇਸ਼ਨ ਦੇ ਅੰਦਰ ਕਤਾਰ ਵਿਚ ਖੜ੍ਹਾ ਆਖਰੀ ਵੋਟਰ ਆਪਣੀ ਵੋਟ ਨਹੀਂ ਪਾ ਦਿੰਦਾ।

ਪ੍ਰਸ਼ਾਸਨ ਨੇ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਵੋਟਰਾਂ ਦੀ ਸਹੂਲਤ ਲਈ ਚੋਣ ਫੋਟੋ ਪਛਾਣ ਪੱਤਰ (ਈ. ਪੀ. ਆਈ. ਸੀ.) ਦੇ ਨਾਲ 12 ਹੋਰ ਬਦਲਵੇਂ ਦਸਤਾਵੇਜ਼ ਉਪਲੱਬਧ ਕਰਵਾਏ ਗਏ ਹਨ, ਜਿਨ੍ਹਾਂ ਵਿਚ ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ ਸਰਕਾਰ ਵਲੋਂ ਜਾਰੀ ਪਾਸਬੁੱਕ, ਸੂਬਾ ਸਰਕਾਰ ਦੇ ਪੀ. ਐੱਸ. ਯੂ. ਅਤੇ ਪਬਲਿਕ ਲਿਮਟਿਡ ਕੰਪਨੀ, ਡਾਕਘਰ, ਬੈਂਕ, ਪੈਨ ਕਾਰਡ, ਐੱਨ. ਪੀ. ਆਰ. ਲਈ ਆਰਜ਼ੀ ਆਈ- ਕਾਰਡ ਸ਼ਾਮਲ ਹਨ।
ਭਾਰਤ ਸਰਕਾਰ ਵਲੋਂ ਜਾਰੀ ਕਾਰਡ, ਮਨਰੇਗਾ ਕਾਰਡ, ਕਿਰਤ ਮੰਤਰਾਲੇ ਵਲੋਂ ਜਾਰੀ ਸਿਹਤ ਬੀਮਾ ਕਾਰਡ, ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰ, ਵਿਧਾਇਕ ਅਤੇ ਕੌਂਸਲਰ ਵਲੋਂ ਜਾਰੀ ਪਛਾਣ ਪੱਤਰ, ਯੂ. ਡੀ. ਆਈ. ਡੀ. ਕਾਰਡ ਅਤੇ ਆਧਾਰ ਕਾਰਡ ਦੀ ਵਰਤੋਂ ਕਰ ਕੇ ਵੋਟ ਪਾਈ ਜਾ ਸਕਦੀ ਹੈ। ਵੋਟਿੰਗ ਪ੍ਰਕਿਰਿਆ ਲਈ ਕੇਂਦਰ ਅਤੇ ਸੂਬਾ ਸਰਕਾਰ, ਬੈਂਕਾਂ ਅਤੇ ਹੋਰ ਖੇਤਰਾਂ ਦੇ 776 ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਲੁਧਿਆਣਾ ਪੱਛਮੀ ਉਪ ਚੋਣ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਵਿਧਾਨ ਸਭਾ ਦੇ ਤਿੰਨ ਕਿਲੋਮੀਟਰ ਖੇਤਰ ਵਿਚ 17 ਤੋਂ 19 ਜੂਨ ਤਕ ਡਰਾਈ ਡੇਅ ਐਲਾਨਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਸ ਮੌਕੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੱਛਮੀ ਵਿਧਾਨ ਸਭਾ ਸੀਟ ਦੇ ਤਿੰਨ ਕਿਲੋਮੀਟਰ ਖੇਤਰ ਵਿਚ ਕੋਈ ਵੀ ਹੋਟਲ, ਰੈਸਟੋਰੈਂਟ, ਕਲੱਬ, ਬਾਰ ਜਾਂ ਹੋਰ ਥਾਵਾਂ ’ਤੇ ਸ਼ਰਾਬ ਸਟੋਰ ਨਹੀਂ ਕੀਤੀ ਜਾ ਸਕੇਗੀ ਜਾਂ ਗਾਹਕਾਂ ਨੂੰ ਪਰੋਸੀ ਨਹੀਂ ਜਾ ਸਕੇਗੀ।
ਉਕਤ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਕ ਢੁਕਵੀਂ ਜਾਂਚ ਟੀਮ ਵੀ ਨਿਯੁਕਤ ਕੀਤੀ ਗਈ ਹੈ। ਵੀਰਵਾਰ ਵੋਟਿੰਗ ਵਾਲੇ ਦਿਨ ਪੇਡ ਛੁੱਟੀ ਐਲਾਨੀ ਗਈ ਹੈ, ਜਿਸ ਦੇ ਤਹਿਤ ਕਿਸੇ ਵੀ ਕਾਰੋਬਾਰ, ਸੰਸਥਾ ਜਾਂ ਉਦਯੋਗ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੋਟ ਪਾਉਣ ਲਈ ਦਿੱਤੀ ਗਈ ਛੁੱਟੀ ਉਨ੍ਹਾਂ ਦੀ ਤਨਖਾਹ ਵਿਚੋਂ ਨਹੀਂ ਕੱਟੀ ਜਾਵੇਗੀ।
ਨੋ-ਫਲਾਈ ਜ਼ੋਨ ਐਲਾਨਿਆ
ਜ਼ਿਲਾ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਨੇ ਜ਼ਿਲੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨੋ-ਫਲਾਈ ਜ਼ੋਨ ਐਲਾਨਿਆ ਹੈ, ਜਿਸ ਤੋਂ ਬਾਅਦ ਖੰਨਾ-ਜਗਰਾਓਂ ਸਮੇਤ ਲੁਧਿਆਣਾ ਵਿਚ ਕਿਸੇ ਵੀ ਤਰ੍ਹਾਂ ਦਾ ਡਰੋਨ ਉਡਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਦੂਜੇ ਪਾਸੇ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ’ਤੇ ਨਜ਼ਰ ਰੱਖਣ ਲਈ ਕਮਿਸ਼ਨ ਨੇ ਪੰਜਾਬ ਪੁਲਸ ਦੇ ਨਾਲ ਸੁਰੱਖਿਆ ਬਲ ਤਾਇਨਾਤ ਕੀਤੇ ਹਨ, ਜਦੋਂ ਕਿ ਪੱਛਮੀ ਵਿਧਾਨ ਸਭਾ ਅਤੇ ਇਸ ਦੇ ਆਲੇ-ਦੁਆਲੇ ਦੇ ਤਿੰਨ ਕਿਲੋਮੀਟਰ ਦੇ ਖੇਤਰ ਵਿਚ ਵਾਹਨਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ!
Read More : ਏ-ਕੈਟਾਗਰੀ ਦੇ ਗੈਂਗਸਟਰ ਸਮੇਤ 4 ਕਾਬੂ