ਪੰਜਾਬੀ ਯੂਨੀਵਰਸਿਟੀ ਤੇ ਚੰਡੀਗੜ੍ਹ ਇਲੈਵਨ ਦੀਆਂ ਟੀਮਾਂ ਰਹੀਆਂ ਬਰਾਬਰ
ਨਾਭਾ, 16 ਦਸੰਬਰ : 48ਵੇਂ ਜੀ. ਐੱਸ. ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਮੰਗਲਵਾਰ ਨੂੰ ਸਥਾਨਕ ਪੰਜਾਬ ਪਬਲਿਕ ਸਕੂਲ ਦੇ ਹਾਕੀ ਗਰਾਊਂਡ ਵਿਖੇ 3 ਮੈਚ ਖੇਡੇ ਗਏ।
ਟੂਰਨਾਮੈਂਟ ਦਾ ਪਹਿਲਾ ਮੈਚ ਨਾਰਥਨ ਰੇਲਵੇ ਨਵੀਂ ਦਿੱਲੀ ਅਤੇ ਹਿਮਾਚਲ ਇਲੈਵਨ, ਦੂਜਾ ਮੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਚੰਡੀਗੜ੍ਹ ਇਲੈਵਨ ਅਤੇ ਤੀਜਾ ਮੈਚ ਐੱਲ. ਪੀ. ਯੂ. ਜਲੰਧਰ ਤੇ ਐੱਮ. ਐੱਸ. ਕੇ. ਹਾਕੀ ਅਕੈਡਮੀ ਜਰਖੜ ਦਰਮਿਆਨ ਖੇਡਿਆ ਗਿਆ। ਅੱਜ ਦੇ ਪਹਿਲੇ ਮੈਚ ’ਚ ਨਾਰਥਨ ਰੇਲਵੇ ਨਵੀਂ ਦਿੱਲੀ ਨੇ ਹਿਮਾਚਲ ਇਲੈਵਨ ਨੂੰ 3-1 ਨਾਲ ਹਰਾਇਆ।
ਮੈਚ ਦੇ ਚੌਥੇ ਮਿੰਟ ’ਚ ਨਾਰਥਨ ਰੇਲਵੇ ਦੇ ਮਨੀਸ਼ ਸਾਹਨੀ ਨੇ ਪਹਿਲਾ ਗੋਲ ਕੀਤਾ, ਦੂਜਾ ਗੋਲ ਸੰਜੇ ਤੇ ਤੀਜਾ ਗੋਲ ਇਕ ਵਾਰ ਫਿਰ ਮਨੀਸ਼ ਸਾਹਨੀ ਨੇ ਕੀਤਾ। ਹਿਮਾਚਲ ਇਲੈਵਨ ਵੱਲੋਂ ਨੀਰਜ ਨੇ ਮੈਚ ਦੇ 33ਵੇਂ ਮਿੰਟ ’ਚ ਆਪਣੀ ਟੀਮ ਦਾ ਪਹਿਲਾ ਗੋਲ ਕੀਤਾ ਪਰ ਫਿਰ ਵੀ ਨਾਰਥਨ ਰੇਲਵੇ ਆਖਿਰ ’ਚ ਮੈਚ ਨੂੰ ਆਪਣੇ ਹੱਕ ’ਚ ਕਰਨ ’ਚ ਸਫਲ ਹੋਈ। ਦੂਜਾ ਮੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਚੰਡੀਗੜ੍ਹ ਇਲੈਵਨ ਦਰਮਿਆਨ ਬੜਾ ਫਸਵਾਂ ਰਿਹਾ।
ਮੈਚ ਦੇ ਅੱਧ ਤੱਕ ਦੋਵੇਂ ਟੀਮਾਂ ਇਕ-ਇਕ ’ਤੇ ਬਰਾਬਰ ਸਨ। ਮੈਚ ਦੇ 38ਵੇਂ ਮਿੰਟ ’ਚ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਸ਼ਾਲ ਕੌਸ਼ਕ ਨੇ ਗੋਲ ਕਰ ਕੇ ਲੀਡ ਪ੍ਰਾਪਤ ਕੀਤੀ ਪਰ 39ਵੇਂ ਮਿੰਟ ’ਚ ਹੀ ਚੰਡੀਗੜ੍ਹ ਦੇ ਪਰਮਵੀਰ ਸਿੰਘ ਤੇ 43ਵੇਂ ਮਿੰਟ ’ਚ ਕਵਲਜੀਤ ਸਿੰਘ ਨੇ ਲਗਾਤਾਰ 2 ਗੋਲ ਕਰ ਕੇ ਆਪਣੀ ਟੀਮ ਨੂੰ 3-2 ਦੀ ਲੀਡ ਦਿਵਾਈ ਪਰ 45ਵੇਂ ਮਿੱਟੀ ’ਚ ਪੰਜਾਬੀ ਯੂਨੀਵਰਸਿਟੀ ਦੇ ਰਜਤ ਨੇ ਗੋਲ ਕਰ ਕੇ ਮੈਚ ਨੂੰ ਬਰਾਬਰੀ ’ਤੇ ਖਤਮ ਕੀਤਾ।
ਤੀਜਾ ਮੈਚ ਐੱਲ. ਪੀ. ਯੂ. ਜਲੰਧਰ ਤੇ ਐੱਮ. ਐੱਸ. ਪੀ. ਹਾਕੀ ਅਕੈਡਮੀ ਜਰਖੜ ਦਰਮਿਆਨ ਖੇਡਿਆ ਗਿਆ। ਇਸ ਮੈਚ ’ਚ ਐੱਲ. ਪੀ. ਯੂ. ਜਲੰਧਰ ਨੇ 7-1 ਨਾਲ ਸ਼ਾਨਦਾਰ ਜਿੱਤ ਪਰਾਪਤ ਕੀਤੀ। ਇਸ ਮੌਕੇ ਲਿਬਰਲਜ਼ ਸੋਸਾਇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ, ਗੁਰਜੀਤ ਸਿੰਘ ਬੈਂਸ, ਜਤਿੰਦਰ ਸਿੰਘ ਦਾਖੀ, ਦਲਬੀਰ ਸਿੰਘ ਭੰਗੂ ਬਸੰਤ, ਐਡਵੋਕੇਟ ਗੁਰਜਿੰਦਰ ਸਿੰਘ ਧਾਲੀਵਾਲ, ਵਰਿੰਦਰ ਸਿੰਘ ਕਾਲਾ ਝਾੜ, ਜਤਿੰਦਰ ਸਿੰਘ ਬਹਿਰੀ ਹਾਜ਼ਰ ਸਨ।
ਲਿਬਰਲਜ਼ ਸੋਸਾਇਟੀ ਦੇ ਪ੍ਰੈੱਸ ਸਕੱਤਰ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਬੁੱਧਵਾਰ ਨੂੰ 3 ਮੈਚ ਖੇਡੇ ਜਾਣਗੇ। ਪਹਿਲਾ ਮੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵੈਸਟ ਸੈਂਟਰਲ ਰੇਲਵੇ ਜੱਬਲਪੁਰ 10 ਵਜੇ, ਦੂਜਾ ਮੈਚ ਆਰਮੀ ਇਲੈਵਨ ਤੇ ਐੱਲ. ਪੀ. ਯੂ. ਜਲੰਧਰ 11.30, ਤੀਜਾ ਮੈਚ ਹਿਮਾਚਲ ਇਲੈਵਨ ਤੇ ਏ. ਐੱਸ. ਸੀ. ਜਲੰਧਰ ਦਰਮਿਆਨ 1 ਵਜੇ ਖੇਡਿਆ ਜਾਵੇਗਾ।
Read More : 30 ਲੱਖ ਦੀ ਫਿਰੌਤੀ ਨਾ ਦੇਣ ’ਤੇ ਦੁਕਾਨ ’ਤੇ ਚਲਾਈ ਗੋਲੀ
