ਹਿਮਾਚਲ ਵਿਚ ਅਗਲੇ 72 ਘੰਟਿਆਂ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ
ਚੰਬਾ, 21 ਜੁਲਾਈ : ਬੀਤੀ ਰਾਤ ਤੋਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪੈ ਰਿਹਾ ਹੈ। ਜ਼ਿਲਾ ਚੰਬਾ ਦੇ ਚੜ੍ਹੀ ਪੰਚਾਇਤ ਦੇ ਸੁਤਾਨਹ ਪਿੰਡ ਵਿਚ ਪਹਾੜੀ ਤੋਂ ਘਰ ਉੱਤੇ ਇੱਕ ਵੱਡਾ ਪੱਥਰ ਡਿੱਗਣ ਨਾਲ ਇਕ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ। ਉਨ੍ਹਾਂ ਦਾ ਵਿਆਹ ਸਿਰਫ਼ 5 ਮਹੀਨੇ ਪਹਿਲਾਂ ਹੋਇਆ ਸੀ। ਪੱਲੂ ਆਪਣੇ ਨਾਨਕੇ ਘਰ ਆਈ ਸੀ। ਐਤਵਾਰ ਨੂੰ ਉਸਦਾ ਪਤੀ ਸੰਨੀ ਉਸਨੂੰ ਲੈਣ ਆਇਆ ਸੀ। ਉਨ੍ਹਾਂ ਨੇ ਅੱਜ (ਸੋਮਵਾਰ) ਆਪਣੇ ਸਹੁਰੇ ਘਰ ਵਾਪਸ ਜਾਣਾ ਸੀ। ਇਸ ਘਟਨਾ ਵਿਚ ਘਰ ਵੀ ਢਹਿ ਗਿਆ।
ਭਾਰੀ ਮੀਂਹ ਦੇ ਮੱਦੇਨਜ਼ਰ ਹਿਮਾਚਲ ਦੇ 4 ਜ਼ਿਲ੍ਹਿਆਂ ਦੀਆਂ 9 ਸਬ-ਡਵੀਜ਼ਨਾਂ ਵਿਚ ਅੱਜ ਸਕੂਲ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ ਸ਼ਿਮਲਾ ਜ਼ਿਲ੍ਹੇ ਦੇ ਥਿਓਗ, ਰੋਹੜੂ, ਚੌਪਾਲ, ਸੁੰਨੀ ਅਤੇ ਕੁਮਾਰਸੈਨ, ਮੰਡੀ ਦੇ ਥੁਨਾਗ ਅਤੇ ਕਾਰਸੋਗ, ਕੁੱਲੂ ਦਾ ਅਨੀ ਅਤੇ ਸਿਰਮੌਰ ਦਾ ਸ਼ਿਲਾਈ ਸਬ-ਡਵੀਜ਼ਨ ਸ਼ਾਮਲ ਹਨ। ਸੜਕਾਂ ਅਤੇ ਗਲੀਆਂ ਬੰਦ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਮੰਡੀ ਦੇ 4 ਅਤੇ 9 ਮੀਲ ‘ਤੇ ਚੰਡੀਗੜ੍ਹ-ਮਨਾਲੀ ਐੱਨ. ਐੱਚ. ਬੰਦ ਕਰ ਦਿੱਤਾ ਗਿਆ ਹੈ। ਸ਼ਿਮਲਾ-ਨਾਲਾਗੜ੍ਹ ਸਟੇਟ ਹਾਈਵੇਅ 3 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ 300 ਤੋਂ ਵੱਧ ਵਾਹਨ ਸੜਕ ‘ਤੇ ਫਸੇ ਹੋਏ ਹਨ। ਰਾਜ ਵਿਚ ਨਦੀਆਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ।
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 72 ਘੰਟਿਆਂ ਤੱਕ ਭਾਰੀ ਬਾਰਿਸ਼ ਜਾਰੀ ਰਹੇਗੀ। ਇਸ ਦੌਰਾਨ ਬਿਲਾਸਪੁਰ, ਹਮੀਰਪੁਰ, ਕੁੱਲੂ, ਸੋਲਨ ਅਤੇ ਊਨਾ ਜ਼ਿਲ੍ਹਿਆਂ ਵਿੱਚ ਅੱਜ ਦੁਪਹਿਰ 1 ਵਜੇ ਤੱਕ ਭਾਰੀ ਬਾਰਿਸ਼ ਦਾ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਹੈ।
Read More : ਪਾਣੀ ਦੇ ਟੋਏ ’ਚ ਡੁੱਬਣ ਨਾਲ ਬੱਚੇ ਦੀ ਮੌਤ