ਬਦਰੀਨਾਥ ਰੂਟ ’ਤੇ ਰਾਤ ਦੀ ਯਾਤਰਾ ’ਤੇ ਰੋਕ, ਪ੍ਰਸ਼ਾਸਨ ਸਖ਼ਤ
ਕੇਦਾਰਨਾਥ, 18 ਜੂਨ – : ਉਤਰਾਖੰਡ ’ਚ ਮਾਨਸੂਨ ਕਾਰਨ ਕੇਦਾਰਨਾਥ ਯਾਤਰਾ ਰੂਟ ਤੋਂ ਇਕ ਦਰਦਨਾਕ ਹਾਦਸੇ ਦੀ ਖ਼ਬਰ ਆਈ ਹੈ, ਜਿਥੇ ਬੁੱਧਵਾਰ ਸਵੇਰੇ ਲਗਭਗ 11:20 ਵਜੇ ਜੰਗਲਚੱਟੀ ਘਾਟ ਨੇੜੇ ਪਹਾੜੀ ਤੋਂ ਅਚਾਨਕ ਭਾਰੀ ਮਲਬਾ ਅਤੇ ਪੱਥਰ ਡਿੱਗਣੇ ਸ਼ੁਰੂ ਹੋ ਗਏ, ਇਸ ਦੌਰਾਨ ਉੱਥੇ ਮੌਜੂਦ ਮਜ਼ਦੂਰ ਫਸ ਗਏ, ਜਿਨ੍ਹਾਂ ’ਚੋਂ ਕੁਝ ਹੇਠਾਂ ਵਾਲੀ ਖਾਈ ’ਚ ਡਿੱਗ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਜੰਗਲਚੱਟੀ ਚੌਕੀ ’ਤੇ ਤਾਇਨਾਤ ਪੁਲਿਸ ਕਰਮਚਾਰੀ ਅਤੇ ਡੀ. ਡੀ. ਆਰ. ਐੱਫ. ਟੀਮ ਮੌਕੇ ’ਤੇ ਪਹੁੰਚ ਗਈ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਜਦੋਂ ਕਿ ਤਿੰਨ ਮਜ਼ਦੂਰ ਜ਼ਖਮੀ ਹੋਏ ਹਨ। ਇਨ੍ਹਾਂ ’ਚੋਂ ਇਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦੋਂ ਕਿ 2 ਪੁਰਸ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਜ਼ਖਮੀਆਂ ਨੂੰ ਗੌਰੀਕੁੰਡ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਇਸ ਵੇਲੇ, ਯਾਤਰੀਆਂ ਨੂੰ ਯਾਤਰਾ ਰੂਟ ‘ਤੇ ਪੁਲਿਸ ਸੁਰੱਖਿਆ ਹੇਠ ਸਾਵਧਾਨੀ ਨਾਲ ਯਾਤਰਾ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖਰਾਬ ਮੌਸਮ ਦੌਰਾਨ ਵਧੇਰੇ ਸਾਵਧਾਨ ਰਹਿਣ ਅਤੇ ਯਾਤਰਾ ਕਰਨ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਲੈਣ।
ਦੂਜੇ ਪਾਸੇ ਪ੍ਰਸ਼ਾਸਨ ਨੇ ਚਮੋਲੀ ਜ਼ਿਲ੍ਹੇ ਦੇ ਬਦਰੀਨਾਥ ਧਾਮ ਨੂੰ ਜਾਣ ਵਾਲੇ ਰਸਤੇ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਸ ਰਸਤੇ ’ਤੇ ਰਾਤ 10 ਤੋਂ ਸਵੇਰੇ 4 ਵਜੇ ਤੱਕ ਯਾਤਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਖਾਸ ਤੌਰ ’ਤੇ ਮਾਨਸੂਨ ਦੇ ਮੌਸਮ ਦੌਰਾਨ ਹਾਦਸਿਆਂ ਨੂੰ ਰੋਕਣ ਦੇ ਉਦੇਸ਼ ਨਾਲ ਲਿਆ ਗਿਆ ਹੈ।
ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਇਸਨੂੰ ਯਾਤਰੀਆਂ ਦੀ ਸੁਰੱਖਿਆ ਲਈ ਇਕ ਜ਼ਰੂਰੀ ਕਦਮ ਦੱਸਿਆ ਹੈ।
Read More : ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ