ਨੌਜਵਾਨ ਦਾ ਕਤਲ

ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਨੌਜਵਾਨ ਦੀ ਹੱਤਿਆ

ਦੋ ਭਰਾਵਾਂ ਨੇ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਪਰਿਵਾਰ ਨੇ ਲਾਸ਼ ਦਾ ਸੰਸਕਾਰ ਕਰਨ ਤੋਂ ਕੀਤਾ ਇਨਕਾਰ

ਤਲਵੰਡੀ ਸਾਬੋ, 23 ਅਪ੍ਰੈਲ : ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਬੁੱਧਵਾਰ ਦੇਰ ਰਾਤ ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਦੋ ਭਰਾਵਾਂ ਵੱਲੋਂ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਕਥਿਤ ਦੋਸ਼ੀ ਗ੍ਰਿਫ਼ਤਾਰ ਨਹੀਂ ਹੁੰਦੇ, ਉਦੋਂ ਤੱਕ ਲਾਸ਼ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।

ਮ੍ਰਿਤਕ ਦੀ ਪਛਾਣ ਹਰਜੀਤ ਸਿੰਘ (26) ਪੁੱਤਰ ਬਿੱਲੂ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਗੁਲਾਬ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਭਰਾ ਮਜ਼ਦੂਰੀ ਕਰਕੇ ਵਾਪਸ ਆ ਰਿਹਾ ਸੀ, ਜਦੋਂ ਪਿੰਡ ਦੀ ਧਰਮਸ਼ਾਲਾ ਨੇੜੇ ਗੁਆਂਢ ਵਿੱਚ ਰਹਿੰਦੇ ਦੋ ਵਿਅਕਤੀਆਂ ਨੇ ਉਸਨੂੰ ਘੇਰ ਲਿਆ। ਮੁਲਜ਼ਮਾਂ ਨੇ ਹਰਜੀਤ ਸਿੰਘ ਨਾਲ ਗਾਲੀ-ਗਲੋਚ ਕੀਤਾ ਅਤੇ ਰਾਡਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਗੁਲਾਬ ਸਿੰਘ ਵੱਲੋਂ ਰੌਲਾ ਪਾਉਣ ‘ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਪਰ ਗੰਭੀਰ ਜ਼ਖ਼ਮੀ ਹਰਜੀਤ ਸਿੰਘ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੇ ਭਰਾ ਨੇ ਖ਼ੁਲਾਸਾ ਕੀਤਾ ਕਿ ਮੁਲਜ਼ਮ ਨਸ਼ੇ ਦੇ ਆਦੀ ਸਨ ਅਤੇ ਅਕਸਰ ਹਰਜੀਤ ਸਿੰਘ ਤੋਂ ਪੈਸੇ ਦੀ ਮੰਗ ਕਰਦੇ ਰਹਿੰਦੇ ਸਨ। ਇਸ ਵਾਰ ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵੰਡੀ ਸਾਬੋ ਦੇ ਮੁਖੀ ਅਮਰੀਕ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਹਰਪ੍ਰੀਤ ਸਿੰਘ ਉਰਫ਼ ਨਿੱਕਾ ਅਤੇ ਗੁਰਪ੍ਰੀਤ ਸਿੰਘ ਪੁੱਤਰਾਨ ਕਾਕਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਡੀ.ਐੱਸ.ਪੀ. ਤਲਵੰਡੀ ਸਾਬੋ ਜਸਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Read More : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ: ‘ਇਕ ਆਗੂ, ਇਕ ਅਹੁਦਾ’ ਅਤੇ ‘ਇਕ ਪਰਿਵਾਰ, ਇਕ ਟਿਕਟ’ ਦਾ ਸਿਧਾਂਤ ਲਾਗੂ

Leave a Reply

Your email address will not be published. Required fields are marked *