19 ਅਕਤੂਬਰ ਤੱਕ ਪ੍ਰਵਾਸੀਆਂ ਨੂੰ ਪੰਜਾਬ ਛੱਡ ਜਾਣ ਸਬੰਧੀ ਵੀ ਲਿਖਿਆ
ਬਟਾਲਾ, 22 ਸਤੰਬਰ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਰੇਲਵੇ ਸਟੇਸ਼ਨ ‘ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਪਾਏ ਗਏ ਹਨ ਅਤੇ ਨਾਲ ਹੀ 19 ਅਕਤੂਬਰ ਤੱਕ ਪ੍ਰਵਾਸੀਆਂ ਨੂੰ ਪੰਜਾਬ ਛੱਡ ਜਾਣ ਸਬੰਧੀ ਵੀ ਲਿਖਿਆ ਪਾਇਆ ਗਿਆ ਹੈ। ਉਧਰ ਉਕਤ ਮਾਮਲਾ ਉਜਾਗਰ ਹੁੰਦਿਆਂ ਹੀ ਬਟਾਲਾ ਅਤੇ ਰੇਲਵੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਲਿਖੇ ਹੋਏ ਨਾਅਰਿਆਂ ਨੂੰ ਕਾਲਾ ਰੰਗ ਮਾਰ ਕੇ ਮਿਟਾਇਆ ਗਿਆ। ਹਾਲਾਂਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਅਤੇ ਇੱਕ ਬੋਰਡ ਉਤੇ 19 ਅਕਤੂਬਰ ਤੱਕ ਪ੍ਰਵਾਸੀ ਮਜ਼ਦੂਰਾਂ ਨੂੰ ਛੱਡ ਜਾਣ ਬਾਰੇ ਲਿਖੀ ਲਿਖਤ ਬਾਰੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਰੇਲਵੇ ਸਟੇਸ਼ਨ ‘ਤੇ ਅਜਿਹੀ ਕੋਈ ਗੱਲ ਨਹੀਂ ਵਾਪਰੀ ਹੈ।
ਉਧਰ ਅਮਰੀਕਾ ‘ਚ ਬੈਠੇ ਅੱਤਵਾਦੀ ਗੁਰ ਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਬਟਾਲਾ ਦੇ ਰੇਲਵੇ ਸਟੇਸ਼ਨ ‘ਤੇ ਖਾਲਿਸਤਾਨ ਜਿੰਦਾਬਾਦ ਦੇ ਲਿਖੇ ਨਾਅਰਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਨਾਲ ਹੀ ਪੰਨੂ ਨੇ 19 ਅਕਤੂਬਰ ਤੱਕ ਦੂਜੇ ਰਾਜਾਂ ਦੇ ਪਰਵਾਸੀਆਂ ਨੂੰ ਪੰਜਾਬ ਛੱਡ ਜਾਣ ਸਿੱਧੇ ਤੌਰ ‘ਤੇ ਧਮਕੀ ਦਿੱਤੀ ਹੈ।
ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਟਾਲਾ ਵੱਟਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।
Read More : 23 ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ’ਚ ਖੁੱਲ੍ਹਣਗੇ ਸਾਰੇ ਸਕੂਲ