ਪਿਛਲੇ ਸਾਲ ਦਾ ਰਿਕਾਰਡ ਤੋੜਿਆ
ਦੇਹਰਾਦੂਨ, 9 ਅਕਤੂਬਰ : ਮੀਂਹ ਅਤੇ ਬਰਫ਼ਬਾਰੀ ਦੇ ਬਾਵਜੂਦ ਉਤਰਾਖੰਡ ਵਿਚ ਚਾਰਧਾਮ ਯਾਤਰਾ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ। ਇਸ ਦੌਰਾਨ ਕੇਦਾਰਨਾਥ ਯਾਤਰਾ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਅਤੇ ਬੁੱਧਵਾਰ ਨੂੰ 16.56 ਸ਼ਰਧਾਲੂਆਂ ਦਾ ਅੰਕੜਾ ਪਾਰ ਕਰ ਲਿਆ।
ਸਰਕਾਰ ਨੇ ਸੁਰੱਖਿਅਤ ਚਾਰਧਾਮ ਯਾਤਰਾ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ। ਯਾਤਰਾ ਦੇ ਰਸਤੇ ‘ਤੇ ਫੌਜ ਤਾਇਨਾਤ ਕੀਤੀ ਹੈ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਜ਼ਮੀਨ ਖਿਸਕਣ ਵਾਲੇ ਸਥਾਨਾਂ ‘ਤੇ ਮਲਬਾ ਹਟਾਉਣ ਲਈ ਜੇਸੀਬੀ ਤਾਇਨਾਤ ਕੀਤੇ ਗਏ ਹਨ।
ਧਾਮ ਦੇ ਦਰਵਾਜ਼ੇ ਬੰਦ ਹੋਣ ਵਿਚ ਅਜੇ 15 ਦਿਨ ਬਾਕੀ ਹਨ। ਅਜਿਹੀ ਸਥਿਤੀ ਵਿਚ ਇਹ ਗਿਣਤੀ ਹੋਰ ਵਧਣੀ ਤੈਅ ਹੈ। ਪਿਛਲੇ ਸਾਲ ਪੂਰੇ ਯਾਤਰਾ ਸਮੇਂ ਦੌਰਾਨ, 16,52,076 ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ। ਬੀਤੇ ਦਿਨ 5,614 ਸ਼ਰਧਾਲੂਆਂ ਨੇ ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ।
ਕੇਦਾਰਨਾਥ ਦੇ ਦਰਵਾਜ਼ੇ 23 ਅਕਤੂਬਰ ਨੂੰ ਭਾਈ ਦੂਜ ਲਈ ਬੰਦ ਹੋ ਜਾਣਗੇ। ਯਾਤਰਾ ਹੋਰ 15 ਦਿਨਾਂ ਤੱਕ ਜਾਰੀ ਰਹੇਗੀ। ਇਸ ਦੌਰਾਨ ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮ ‘ਤੇ ਵੀ ਸ਼ਰਧਾਲੂਆਂ ਦੀ ਗਿਣਤੀ ਵਧ ਗਈ ਹੈ।
ਜ਼ਿਕਰਯੋਗ ਹੈ ਕਿ ਚਾਰਧਾਮ ਯਾਤਰਾ ਇਸ ਸਾਲ 30 ਅਪ੍ਰੈਲ ਨੂੰ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਖੁੱਲ੍ਹਣ ਨਾਲ ਸ਼ੁਰੂ ਹੋਈ ਸੀ। ਕੇਦਾਰਨਾਥ 2 ਮਈ ਨੂੰ ਅਤੇ ਬਦਰੀਨਾਥ 4 ਮਈ ਨੂੰ ਖੁੱਲ੍ਹਿਆ। ਮੌਨਸੂਨ ਦੇ ਮੌਸਮ ਦੌਰਾਨ ਭਾਰੀ ਬਾਰਿਸ਼, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨੇ ਚਾਰਧਾਮ ਯਾਤਰਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸੜਕ ਦੇ ਤਬਾਹ ਹੋਣ ਕਾਰਨ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੀ ਯਾਤਰਾ ਰੋਕਣੀ ਪਈ।
Read More : ਜੰਮੂ-ਕਸ਼ਮੀਰ ਦੇ ਪਿੰਡ ਕੌਲਪੁਰ ’ਚ ਸਰੂਪਾਂ ਦੀ ਬੇਅਦਬੀ ਨਿੰਦਣਯੋਗ : ਐਡਵੋਕੇਟ ਧਾਮੀ
