Kangana Ranaut

ਮਾਨਹਾਨੀ ਕੇਸ ’ਚ ਕੰਗਣਾ ਰਣੌਤ ਨੂੰ ਝਟਕਾ, ਹਾਜ਼ਰੀ ਮੁਆਫੀ ਦੀ ਅਰਜ਼ੀ ਰੱਦ

15 ਜਨਵਰੀ ਤਕ ਪੇਸ਼ ਹੋਣ ਦੇ ਸਖਤ ਹੁਕਮ

ਬਠਿੰਡਾ, 7 ਜਨਵਰੀ : ਬਠਿੰਡਾ ਦੀ ਅਦਾਲਤ ਵਿਚ ਚੱਲ ਰਹੇ ਮਾਨਹਾਨੀ ਕੇਸ ਵਿਚ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਣਾ ਰਣੌਤ ਨੂੰ ਵੱਡਾ ਝਟਕਾ ਲੱਗਾ ਹੈ। ਮਾਣਯੋਗ ਅਦਾਲਤ ਨੇ ਕੰਗਣਾ ਰਣੌਤ ਵੱਲੋਂ ਦਿੱਤੀ ਗਈ ਹਾਜ਼ਰੀ ਮੁਆਫੀ ਦੀ ਅਰਜ਼ੀ ਨੂੰ ਰੱਦ ਕਰਦਿਆਂ ਸਖਤ ਰੁਖ ਅਪਣਾਇਆ ਹੈ। ਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ ਕੰਗਣਾ ਰਣੌਤ 15 ਜਨਵਰੀ ਨੂੰ ਬਠਿੰਡਾ ਦੀ ਅਦਾਲਤ ’ਚ ਨਿੱਜੀ ਤੌਰ ’ਤੇ ਹਾਜ਼ਰ ਹੋਣ। ਅਦਾਲਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਰਧਾਰਿਤ ਮਿਤੀ ’ਤੇ ਉਹ ਹਾਜ਼ਰ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕੀਤੀ ਜਾਵੇਗੀ ਅਤੇ ਗ੍ਰਿਫਤਾਰੀ ਵਾਰੰਟ ਜਾਰੀ ਹੋਣਗੇ।

ਕਾਬਿਲੇ-ਗੌਰ ਹੈ ਕਿ ਇਸ ਤੋਂ ਪਹਿਲਾਂ ਕੰਗਣਾ ਰਣੌਤ ਵੱਲੋਂ ਚਾਰ ਵਾਰ ਹਾਜ਼ਰੀ ਮੁਆਫੀ ਲਈ ਅਰਜ਼ੀਆਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ। ਹਰ ਵਾਰ ਮਾਮਲੇ ਦੀ ਸ਼ਿਕਾਇਤਕਰਤਾ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਵੱਲੋਂ ਅਦਾਲਤ ਵਿਚ ਇਨ੍ਹਾਂ ਅਰਜ਼ੀਆਂ ਦਾ ਸਖਤ ਵਿਰੋਧ ਕੀਤਾ ਗਿਆ। ਵਕੀਲ ਨੇ ਦਲੀਲ ਦਿੱਤੀ ਕਿ ਕੰਗਣਾ ਰਣੌਤ ਜਾਣ ਬੁੱਝ ਕੇ ਅਦਾਲਤੀ ਕਾਰਵਾਈ ਤੋਂ ਬਚ ਰਹੀ ਹੈ ਅਤੇ ਬਿਨਾਂ ਵਜ੍ਹਾ ਕਾਰਨਾਂ ਦੇ ਹਾਜ਼ਰੀ ਤੋਂ ਗੈਰ-ਹਾਜ਼ਰ ਰਹਿਣਾ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ।

ਅਦਾਲਤ ’ਚ ਕੰਗਣਾ ਰਣੌਤ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਉਹ ਆਫਿਸ਼ੀਅਲ ਕੰਮ ਕਾਰਨ ਕੋਰਟ ’ਚ ਹਾਜ਼ਰ ਨਹੀਂ ਹੋ ਸਕਦੀ ਪਰ ਅਦਾਲਤ ਨੇ ਨੋਟ ਕੀਤਾ ਕਿ ਇਸ ਸਬੰਧੀ ਕੋਈ ਵੀ ਜ਼ਰੂਰੀ ਦਸਤਾਵੇਜ਼ ਜਾਂ ਸਬੂਤ ਪੇਸ਼ ਨਹੀਂ ਕੀਤਾ ਗਿਆ। ਇਸ ’ਤੇ ਅਦਾਲਤ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਬਿਨਾਂ ਵਜ੍ਹਾ ਅਦਾਲਤ ਦਾ ਕੀਮਤੀ ਸਮਾਂ ਖਰਾਬ ਨਾ ਕੀਤਾ ਜਾਵੇ।

ਅਦਾਲਤ ਦੇ ਇਸ ਸਖਤ ਫੈਸਲੇ ਤੋਂ ਬਾਅਦ ਹੁਣ ਕੰਗਣਾ ਰਣੌਤ ਲਈ ਕਾਨੂੰਨੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਜੇਕਰ 15 ਜਨਵਰੀ ਨੂੰ ਕੰਗਣਾ ਰਣੌਤ ਅਦਾਲਤ ’ਚ ਹਾਜ਼ਰ ਨਹੀਂ ਹੁੰਦੀ, ਤਾਂ ਮਾਮਲੇ ’ਚ ਅਗਲੀ ਕਾਨੂੰਨੀ ਕਾਰਵਾਈ ਹੋਰ ਵੀ ਸਖਤ ਹੋ ਸਕਦੀ ਹੈ।

Read More : ਪੰਜਾਬੀ ਗਾਇਕ ਰਮੀ ਰੰਧਾਵਾ ਵਿਰੁੱਧ ਆਰਮਜ਼ ਐਕਟ ਤਹਿਤ ਮਾਮਲਾ ਦਰਜ

Leave a Reply

Your email address will not be published. Required fields are marked *