ਸ਼ਿਕਾਇਤਕਰਤਾ ਧਿਰ ਨੇ ਹਾਜ਼ਰੀ ਤੋਂ ਛੋਟ ਦੀ ਅਰਜ਼ੀ ’ਤੇ ਪ੍ਰਗਟਾਇਆ ਇਤਰਾਜ਼, ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ
ਬਠਿੰਡਾ, 5 ਜਨਵਰੀ: ਭਾਜਪਾ ਸੰਸਦ ਮੈਂਬਰ ਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਬਠਿੰਡਾ ਦੀ ਅਦਾਲਤ ਵਿਚ ਮਾਣਹਾਨੀ ਮਾਮਲੇ ਵਿਚ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਈ। ਉਨ੍ਹਾਂ ਦੀ ਗੈਰ-ਹਾਜ਼ਰੀ ਕਾਰਨ ਉਨ੍ਹਾਂ ਦੇ ਵਕੀਲ ਨੇ ਹਾਜ਼ਰੀ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ।
ਸ਼ਿਕਾਇਤਕਰਤਾ ਦੇ ਵਕੀਲ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ ਤੇ ਹਾਜ਼ਰੀ ਤੋਂ ਛੋਟ ਦੀ ਅਰਜ਼ੀ ਨੂੰ ਖਾਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਨੂੰ ਸੰਸਦ ਮੈਂਬਰ ਕੰਗਨਾ ਰਣੌਤ ਦੇ ਜ਼ਮਾਨਤ ਬਾਂਡ ਨੂੰ ਰੱਦ ਕਰਨ ਦੀ ਵੀ ਅਪੀਲ ਕੀਤੀ। ਸ਼ਿਕਾਇਤਕਰਤਾ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਲਗਭਗ ਪੰਜ ਸਾਲਾਂ ਤੋਂ ਲੰਬਿਤ ਹੈ ਤੇ ਦੋਸ਼ੀ ਦੀ ਲਗਾਤਾਰ ਗੈਰਹਾਜ਼ਰੀ ਨਿਆਂਇਕ ਪ੍ਰਕਿਰਿਆ ਵਿਚ ਰੁਕਾਵਟ ਪਾ ਰਹੀ ਹੈ।
ਸ਼ਿਕਾਇਤਕਰਤਾ ਦੇ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਮੁਆਫੀ ਦਾ ਸਮਾਂ ਲੰਘ ਗਿਆ ਹੈ। ਸ਼ਿਕਾਇਤਕਰਤਾ ਪਿਛਲੇ ਪੰਜ ਸਾਲਾਂ ਤੋਂ ਇਨਸਾਫ਼ ਲਈ ਅਦਾਲਤਾਂ ਦੇ ਚੱਕਰ ਲਗਾ ਰਿਹਾ ਹੈ। ਇਸ ਲਈ ਮੁਆਫ਼ੀ ਨੂੰ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਸੁਣਵਾਈ ਦੌਰਾਨ ਮਾਣਯੋਗ ਜੱਜ ਨੇ ਸਪੱਸ਼ਟ ਟਿੱਪਣੀ ਕੀਤੀ ਕਿ ਇਸ ਪੜਾਅ ’ਤੇ ਦਲੀਲਾਂ ਹੋਣੀਆਂ ਚਾਹੀਦੀਆਂ ਹਨ।
ਅਦਾਲਤ ਨੇ ਦੋਵਾਂ ਧਿਰਾਂ ਨੂੰ ਅੰਤਿਮ ਦਲੀਲਾਂ ਲਈ ਮੌਕਾ ਦਿੱਤਾ ਤੇ ਅਗਲੀ ਸੁਣਵਾਈ ਦੀ 15 ਜਨਵਰੀ ਨਿਰਧਾਰਤ ਕੀਤੀ। ਅੱਜ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਖੁਦ ਆਪਣੀ ਮਾਂ ਦੀ ਬਿਮਾਰੀ ਕਾਰਨ ਅਦਾਲਤ ਵਿਚ ਪੇਸ਼ ਨਹੀਂ ਹੋ ਸਕੀ, ਜਦੋਂ ਕਿ ਉਸ ਦਾ ਪਤੀ ਅਦਾਲਤ ਵਿਚ ਮੌਜੂਦ ਸੀ। ਜ਼ਿਕਰਯੋਗ ਹੈ ਕਿ ਇਹ ਮਾਣਹਾਨੀ ਦਾ ਮਾਮਲਾ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸੋਸ਼ਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ ਨਾਲ ਸਬੰਧਤ ਹੈ।
ਬਠਿੰਡਾ ਦੀ ਇਕ ਔਰਤ ਨੇ ਕੰਗਨਾ ਰਣੌਤ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਦੋਸ਼ ਲਗਾਇਆ ਹੈ ਕਿ ਉਸ ਦੀਆਂ ਟਿੱਪਣੀਆਂ ਨੇ ਉਸ ਦੀ ਸਮਾਜਿਕ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ। ਕੰਗਨਾ ਰਣੌਤ ਦੀ ਪੇਸ਼ੀ ਲਈ ਅਦਾਲਤੀ ਕੰਪਲੈਕਸ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਉਸ ਦੀ ਗੈਰ-ਹਾਜ਼ਰੀ ਕਾਰਨ ਅੱਜ ਮਾਮਲੇ ਵਿਚ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ।
Read More : ਡੇਰਾ ਸੱਚਾ ਸੌਦਾ ਮੁਖੀ 40 ਦਿਨਾਂ ਦੀ ਪੈਰੋਲ ’ਤੇ ਜੇਲ ਤੋਂ ਆਇਆ ਬਾਹਰ
