ਮ੍ਰਿਤਕਾ ਦੇ ਗ਼ਾਇਬ ਫ਼ੋਨਾਂ ਦੀ ਭਾਲ ਜਾਰੀ; ਯੂ.ਏ.ਈ. ਤੋਂ ਡਿਪੋਰਟ ਹੋਏ ਮੁਲਜ਼ਮ ਦੇ ਡਿਜੀਟਲ ਡਾਟਾ ਤੋਂ ਖੁੱਲ੍ਹਣਗੇ ਕਤਲ ਦੇ ਰਾਜ਼
ਬਠਿੰਡਾ, 14 ਅਪ੍ਰੈਲ : ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ‘ਕਮਲ ਕੌਰ ਭਾਬੀ’ ਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਬਠਿੰਡਾ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਮਾਮਲੇ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਤਿੰਨ ਮੋਬਾਈਲ ਫ਼ੋਨ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ। ਪੁਲਸ ਨੂੰ ਉਮੀਦ ਹੈ ਕਿ ਇਨ੍ਹਾਂ ਫ਼ੋਨਾਂ ਰਾਹੀਂ ਕਤਲ ਦੀ ਸਾਜ਼ਿਸ਼ ਅਤੇ ਮੁਲਜ਼ਮ ਦੇ ਨੈੱਟਵਰਕ ਨਾਲ ਸਬੰਧਤ ਅਹਿਮ ਜਾਣਕਾਰੀਆਂ ਸਾਹਮਣੇ ਆਉਣਗੀਆਂ।
ਡੀ.ਐੱਸ.ਪੀ. ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਸੰਵੇਦਨਸ਼ੀਲਤਾ ਕਾਰਨ ਫਿਲਹਾਲ ਵਧੇਰੇ ਜਾਣਕਾਰੀ ਗੁਪਤ ਰੱਖੀ ਜਾ ਰਹੀ ਹੈ। ਦੂਜੇ ਪਾਸੇ, ਮ੍ਰਿਤਕਾ ਦੇ ਦੋ ਮੋਬਾਈਲ ਫ਼ੋਨ ਹਾਲੇ ਵੀ ਗ਼ਾਇਬ ਹਨ, ਜਿਨ੍ਹਾਂ ਨੂੰ ਲੱਭਣ ਲਈ ਪੁਲਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
ਵਿਦੇਸ਼ ਤੋਂ ਗ੍ਰਿਫ਼ਤਾਰੀ ਅਤੇ ਜਾਂਚ : ਜਾਂਚ ਮੁਤਾਬਕ ਮੁਲਜ਼ਮ ਵਾਰਦਾਤ ਤੋਂ ਬਾਅਦ ਵਿਦੇਸ਼ ਫ਼ਰਾਰ ਹੋ ਗਿਆ ਸੀ ਅਤੇ ਯੂ.ਏ.ਈ. ’ਚ ਲੁਕਿਆ ਹੋਇਆ ਸੀ। ਉਸ ਨੂੰ 10 ਅਪ੍ਰੈਲ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਯੂ.ਏ.ਈ. ਦੀ ਸੁਰੱਖਿਆ ਏਜੰਸੀ ਨੇ ਉਸ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲੈ ਕੇ ਭਾਰਤ ਭੇਜ ਦਿੱਤਾ ਸੀ। ਮੁਲਜ਼ਮ ਦੇ ਮੋਬਾਈਲ ਫ਼ੋਨ ਯੂ.ਏ.ਈ. ਅਧਿਕਾਰੀਆਂ ਨੇ ਜ਼ਬਤ ਕੀਤੇ ਸਨ, ਜੋ ਹੁਣ ਭਾਰਤੀ ਏਜੰਸੀਆਂ ਨੂੰ ਸੌਂਪ ਦਿੱਤੇ ਗਏ ਹਨ।
ਵਾਇਰਲ ਵੀਡੀਓ ਵੀ ਰਾਡਾਰ ’ਤੇ : ਕਤਲ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਮੁਲਜ਼ਮ ਨੇ ਕਥਿਤ ਤੌਰ ’ਤੇ ਅਪਰਾਧ ਕਬੂਲ ਕਰਦਿਆਂ ਇਸ ਨੂੰ ਅਸ਼ਲੀਲ ਸਮੱਗਰੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਇਸ ਵੀਡੀਓ ਅਤੇ ਮੁਲਜ਼ਮਾਂ ਦੀਆਂ ਡਿਜੀਟਲ ਗਤੀਵਿਧੀਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
Read More : ਅਸਿੱਧੇ ਤੌਰ ’ਤੇ ਪੰਜਾਬ ਉੱਤੇ ਸ਼ਾਸਨ ਚਲਾਉਣਾ ਚਾਹੁੰਦੇ ਹਨ ਗ੍ਰਹਿ ਮੰਤਰੀ : ਰਾਜਾ ਵੜਿੰਗ
