ਗੁਨਾਹ ਲੁਕਾਉਣ ਲਈ ਚੋਰੀ ਕੀਤਾ ਸਸਕਾਰ; ਪੁਲਸ ਵੱਲੋਂ ਮੁਕੱਦਮਾ ਦਰਜ
ਰਾਜਪੁਰਾ, 27 ਅਪ੍ਰੈਲ : ਰਾਜਪੁਰਾ ਦੇ ਨੇੜਲੇ ਪਿੰਡ ਅਲੀਪੁਰ ਮੰਡਵਾਲ ’ਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਵੱਲੋਂ ਆਪਣੀ ਹੀ 15 ਸਾਲਾ ਧੀ ਦਾ ਕਥਿਤ ਤੌਰ ’ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਮੁਲਜ਼ਮ ਨੇ ਆਪਣਾ ਗੁਨਾਹ ਲੁਕਾਉਣ ਲਈ ਧੀ ਦੀ ਮ੍ਰਿਤਕ ਦੇਹ ਦਾ ਚੋਰੀ ਸਸਕਾਰ ਵੀ ਕਰ ਦਿੱਤਾ। ਥਾਣਾ ਖੇੜੀ ਗੰਡਿਆਂ ਦੀ ਪੁਲਸ ਨੇ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਪਿਤਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕਾ ਦੀ ਮਾਂ ਕੁਲਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਵਿਆਹ 2009 ’ਚ ਪਰਮਜੀਤ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ (ਲੜਕੀ ਮਨਿੰਦਰ ਕੌਰ ਅਤੇ ਲੜਕਾ ਏਕਮਜੋਤ ਸਿੰਘ) ਹਨ। ਘਰੇਲੂ ਕਲੇਸ਼ ਕਾਰਨ ਉਹ ਪਿਛਲੇ ਡੇਢ ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਉਸ ਦਾ ਲੜਕਾ ਉਸ ਦੇ ਨਾਲ ਸੀ, ਜਦਕਿ ਲੜਕੀ ਮਨਿੰਦਰ ਕੌਰ ਆਪਣੇ ਪਿਤਾ ਕੋਲ ਰਹਿ ਰਹੀ ਸੀ।
ਸ਼ਿਕਾਇਤਕਰਤਾ ਅਨੁਸਾਰ ਪਰਮਜੀਤ ਸਿੰਘ ਉਸ ’ਤੇ ਵਾਪਸ ਆਉਣ ਲਈ ਲਗਾਤਾਰ ਦਬਾਅ ਬਣਾ ਰਿਹਾ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਜੇਕਰ ਉਹ ਵਾਪਸ ਨਾ ਆਈ ਤਾਂ ਉਹ ਧੀ ਨੂੰ ਜਾਨੋਂ ਮਾਰ ਦੇਵੇਗਾ। ਜਦੋਂ ਉਹ ਵਾਪਸ ਨਾ ਪਰਤੀ ਤਾਂ ਮੁਲਜ਼ਮ ਨੇ ਖ਼ੌਫ਼ਨਾਕ ਕਦਮ ਚੁੱਕਦਿਆਂ ਆਪਣੀ ਧੀ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ’ਚ ਸਬੂਤ ਮਿਟਾਉਣ ਲਈ ਉਸ ਦਾ ਸਸਕਾਰ ਵੀ ਕਰ ਦਿੱਤਾ।
ਪੁਲਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਥਾਣਾ ਸੇਖਵਾਂ ਦੀ ਹਵਾਲਾਤ ਵਿਚੋਂ ਫ਼ਰਾਰ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ
