ਅੰਮ੍ਰਿਤਸਰ, 8 ਨਵੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ ਸਿੱਖ ਜਥੇ ਨਾਲ ਪਾਕਿਸਤਾਨ ਗਏ, ਸੰਧਿਆ ਵੇਲੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ, ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਸਮੇਤ ਸਥਾਨਕ ਸਿੱਖਾਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਜਥੇਦਾਰ ਗੜਗੱਜ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।
ਗੁਰੂ ਘਰ ਵਿਖੇ ਨਤਮਸਤਕ ਹੋਣ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਖੁੱਲ੍ਹਣ ਅਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਅਮਨ ਸ਼ਾਂਤੀ ਵਾਲੇ ਸਬੰਧ ਹੋਣ ਲਈ ਅਰਦਾਸ ਬੇਨਤੀ ਕੀਤੀ।
ਇਸ ਮੌਕੇ ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਕਾਫ਼ ਬੋਰਡ ਤੇ ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ ਕੀਤੇ ਹੜ੍ਹ ਦਾ ਪਾਣੀ ਸਮੇਂ ਸਿਰ ਬਾਹਰ ਕੱਢ ਕੇ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਫਿਰ ਖੋਲ੍ਹਿਆ। ਉਨ੍ਹਾਂ ਦੇਸ਼ ਵਿਦੇਸ਼ ’ਚ ਵੱਸਦੇ ਸਿੱਖਾਂ ਨੂੰ ਵਿਸ਼ੇਸ਼ ਅਪੀਲ ਕੀਤੀ ਉਹ ਵੱਧ ਤੋਂ ਵੱਧ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ।
ਇਸ ਮੌਕੇ ਗਿਆਨੀ ਗੋਬਿੰਦ ਸਿੰਘ ਵੱਲੋਂ ਜਥੇਦਾਰ ਗੜਗੱਜ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਜਸਕਰਨ ਸਿੰਘ ਲੇਖਕ ਅਤੇ ਮੀਡੀਆ ਸਲਾਹਕਾਰ ਵੀ ਮੌਜੂਦ ਸਨ।
Read More : ਬਟਾਲਾ ਵਿਚ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ
