Jassi Sohianwala

ਜੱਸੀ ਸੋਹੀਆਂ ਵਾਲਾ ਨੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਕੇਂਦਰ ਸਰਕਾਰ ਨੇ ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਫੰਡ ਰੋਕ ਕੇ ਧ੍ਰੋਹ ਕਮਾਇਆ : ਸੌਂਦ

ਨਾਭਾ, 21 ਅਗਸਤ : ਅੱਜ ਇੰਪਰੂਵਮੈਂਟ ਟਰੱਸਟ ਨਾਭਾ ਦੇ ਨਵ-ਨਿਯੁਕਤ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸੰਤ ਦਾਰਾ ਸਿੰਘ, ‘ਆਪ’ ਦੇ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲਾ ਯੋਜਨਾ ਕਮੇਟੀ ਦੇ ਮਨੋਨੀਤ ਚੇਅਰਮੈਨ ਤੇਜਿੰਦਰ ਮਹਿਤਾ ਤੇ ਹੋਰ ਸ਼ਖ਼ਸੀਅਤਾਂ ਦੀ ਮੌਜੂਦਗੀ ’ਚ ਆਪਣਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਜੱਸੀ ਸੋਹੀਆਂ ਵਾਲਾ ਜ਼ਮੀਨ ਨਾਲ ਜੁੜੇ ਹੋਏ ਇਕ ਸੀਨੀਅਰ ਆਗੂ ਹਨ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਨੂੰ ਦੋ ਵਾਰ ਅਹਿਮ ਚੇਅਰਮੈਨ ਦੇ ਅਹੁਦੇ ਦੇ ਕੇ ਨਿਵਾਜਿਆ ਹੈ।

ਸੌਂਦ ਨੇ ਕਿਹਾ ਕਿ ਇਮਾਨਦਾਰ ਆਗੂ ਜੱਸੀ ਸੋਹੀਆਂ ਵਾਲਾ ਨੇ ਪਾਰਟੀ ਹਾਈਕਮਾਂਡ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਵਿਸ਼ਵਾਸ ਜਿੱਤਿਆ ਹੈ, ਜਿਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਵਿੱਖ ’ਚ ਵੀ ਇਸੇ ਤਰ੍ਹਾਂ ਹਲਕਾ ਨਾਭਾ ਦੇ ਵਿਧਾਇਕ ਦੇਵਮਾਨ ਸਮੇਤ ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈਕੇ ਆਮ ਲੋਕਾਂ ਤੇ ਪੰਜਾਬ ਤੇ ਪਾਰਟੀ ਦੀ ਸੇਵਾ ਵਧ ਚੜ੍ਹਕੇ ਕਰਦੇ ਰਹਿਣਗੇ।

ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉਪਰ ਪ੍ਰਗਟਾਏ ਗਏ ਭਰੋਸੇ ਉਪਰ ਪੂਰੀ ਤਰ੍ਹਾਂ ਖਰ੍ਹਾ ਉਤਰਨਗੇ ਅਤੇ ਆਪਣੇ ਲੋਕਾਂ ਦੀ ਸੇਵਾ ’ਚ ਸਦਾ ਹਾਜ਼ਰ ਰਹਿਣਗੇ।

ਕੈਬਨਿਟ ਮੰਤਰੀ ਸੌਂਦ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਪ੍ਰਤੀ ਕੋਈ ਹਮਦਰਦੀ ਹੈ ਤਾਂ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੋਕੇ ਗਏ ਦਿਹਾਤੀ ਵਿਕਾਸ ਫੰਡ, ਐੱਨ. ਐੱਚ. ਆਰ. ਐੱਮ. ਐੱਲ. ਤੇ ਪ੍ਰਧਾਨ ਮੰਤਰੀ ਯੋਜਨਾ ਦੇ ਰੋਕੇ ਗਏ ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਫੰਡਾਂ ਨੂੰ ਲਿਆਉਣ ਲਈ ਜ਼ੋਰ ਲਗਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਰੋਕਕੇ ਕੇਂਦਰ ਸਰਕਾਰ ਸੂਬੇ ਦੇ ਲੋਕਾਂ ਨਾਲ ਧਰੋਹ ਕਮਾ ਰਹੀ ਹੈ।

ਇਕ ਹੋਰ ਸਵਾਲ ਦੇ ਜਵਾਬ ’ਚ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਝੋਨੇ ਦੇ ਆਗਾਮੀ ਸੀਜ਼ਨ ’ਚ ਕਿਸਾਨਾਂ ਦੀ ਜਿਣਸ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਹੁਣੇ ਤੋਂ ਪੁਖ਼ਤਾ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਅਕਤੂਬਰ ਦੇ ਪਹਿਲੇ ਹਫ਼ਤੇ ਕਰਵਾਈਆਂ ਜਾਣਗੀਆਂ. ਜਿਸ ਲਈ ਤਿਆਰੀਆਂ ਮੁਕੰਮਲ ਹਨ।

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਅਰਦਾਸ ਕੀਤੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

ਇਸ ਮੌਕੇ ਏ. ਡੀ. ਸੀ. ਨਵਰੀਤ ਕੌਰ ਸੇਖੋਂ, ਐੱਸ. ਡੀ. ਐੱਮ. ਇਸਮਤ ਵਿਜੇ ਸਿੰਘ, ਡੀ. ਐੱਸ. ਪੀ. ਮਨਦੀਪ ਕੌਰ ਚੀਮਾ, ਲੋਕ ਸਭਾ ਹਲਕਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ, ਇੰਪਰੂਵਮੈਂਟ ਟਰਸੱਟ ਪਟਿਆਲਾ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ, ਜ਼ਿਲਾ ਯੋਜਨਾ ਕਮੇਟੀ ਸੰਗਰੂਰ ਚੇਅਰਮੈਨ ਗੁਰਮੇਲ ਸਿੰਘ ਘਰਾਂਚੋਂ, ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ, ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਟਿਵਾਣਾ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਮੁਬਾਰਕਬਾਦ ਦਿੱਤੀ।

Read More : ਗੱਡੀ ’ਚ ਬੈਠਣ ਲੱਗਿਆਂ ਨੂੰ ਕਾਰ ਨੇ ਮਾਰੀ ਫੇਟ, 2 ਨੌਜਵਾਨਾਂ ਦੀ ਮੌਤ

Leave a Reply

Your email address will not be published. Required fields are marked *