ਇਕ ਪੁਲਸ ਮੁਲਾਜ਼ਮ ਜ਼ਖ਼ਮੀ
ਅੰਮ੍ਰਿਤਸਰ, 14 ਜਨਵਰੀ : ਮਜੀਠਾ-ਵੇਰਕਾ ਬਾਈਪਾਸ ਸਥਿਤ ਇਕ ਮੈਰਿਜ ਪੈਲੇਸ ’ਚ ਵਿਆਹ ਸਮਾਗਮ ਦੌਰਾਨ ਵਲਟੋਹਾ ਦੇ ਸਰਪੰਚ ਜਰਮਲ ਸਿੰਘ ਦੇ ਹੋਏ ਕਤਲ ਦੀ ਗੁੱਥੀ ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਸੁਲਝਾ ਲਈ ਹੈ। ਇਸ ਸਬੰਧ ’ਚ ਹੋਏ ਇਕ ਪੁਲਸ ਐਨਕਾਊਂਟਰ ’ਚ ਸਰਪੰਚ ਦੇ ਸਿਰ ’ਚ ਗੋਲੀ ਮਾਰਨ ਵਾਲੇ ਮੁੱਖ ਸ਼ੂਟਰ ਸੁਖਰਾਜ ਸਿੰਘ ਉਰਫ਼ ਗੂੰਗਾ (ਵਾਸੀ ਠੱਕਰਪੁਰਾ, ਜ਼ਿਲਾ ਤਰਨਤਾਰਨ) ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ। ਮੁਕਾਬਲੇ ਦੌਰਾਨ ਇਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਿਅਾ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਸ ਦੀਆਂ ਟੀਮਾਂ ਨੇ ਕੁਝ ਦਿਨ ਪਹਿਲਾਂ ਦੋ ਮੁੱਖ ਮੁਲਜ਼ਮਾਂ ਨੂੰ ਛੱਤੀਸਗੜ੍ਹ ਦੇ ਰਾਏਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਹੁਣ ਤੱਕ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚ ਕਰਮਜੀਤ ਸਿੰਘ (ਗੁਰਦਾਸਪੁਰ), ਜੋਬਨਪ੍ਰੀਤ ਸਿੰਘ (ਭਾਈ ਲੱਧੂ), ਜੋਬਨਪ੍ਰੀਤ ਸਿੰਘ (ਕਲਸੀਆਂ ਕਲਾਂ), ਹਰਪ੍ਰੀਤ ਸਿੰਘ ਉਰਫ਼ ਹੈਪੀ (ਵਲਟੋਹਾ), ਕੁਲਵਿੰਦਰ ਸਿੰਘ ਉਰਫ਼ ਕਿੰਦਾ ਅਤੇ ਅਰਮਾਨਦੀਪ ਸਿੰਘ (ਕਲਸੀਆਂ ਕਲਾਂ) ਸ਼ਾਮਲ ਹਨ।
ਸੀ. ਪੀ. ਭੁੱਲਰ ਅਨੁਸਾਰ ਮੁੱਖ ਮੁਲਜ਼ਮ ਸੁਖਰਾਜ ਸਿੰਘ ਨੂੰ ਹਥਿਆਰ ਬਰਾਮਦਗੀ ਲਈ ਵੱਲਾ ਨਹਿਰ ਦੇ ਇਲਾਕੇ ’ਚ ਲਿਆਂਦਾ ਗਿਆ ਸੀ। ਜਦੋਂ ਪੁਲਸ ਟੀਮ ਰਿਕਵਰੀ ਕਰ ਕੇ ਵਾਪਸ ਜਾ ਰਹੀ ਸੀ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸੁਖਰਾਜ ਨੂੰ ਛੁਡਵਾਉਣ ਦੇ ਇਰਾਦੇ ਨਾਲ ਪੁਲਸ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਹਮਲਾਵਰਾਂ ਵੱਲੋਂ 6 ਅਤੇ ਪੁਲਸ ਵੱਲੋਂ ਜਵਾਬੀ ਫਾਇਰਿੰਗ ’ਚ 10 ਗੋਲੀਆਂ ਚਲਾਈਆਂ ਗਈਆਂ।
ਇਸੇ ਖਿੱਚ-ਧੁਹ ਦੌਰਾਨ ਸੁਖਰਾਜ ਸਿੰਘ ਨੇ ਪੁਲਸ ਮੁਲਾਜ਼ਮ ਤੋਂ ਸਰਕਾਰੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਝੜਪ ਦੌਰਾਨ ਚੱਲੀ ਗੋਲੀ ਸੁਖਰਾਜ ਦੇ ਲੱਗ ਗਈ। ਐੱਸ. ਐੱਚ. ਓ. ਸਦਰ ਅਤੇ ਏ. ਐੱਸ. ਆਈ. ਨਵਤੇਜ ਸਿੰਘ ਨੇ ਵੀ ਜਵਾਬੀ ਕਾਰਵਾਈ ਕੀਤੀ। ਹਮਲਾਵਰਾਂ ਦੀ ਗੋਲੀਬਾਰੀ ’ਚ ਸਿਪਾਹੀ ਵਰੁਣ ਕੁਮਾਰ ਦੀ ਲੱਤ ’ਤੇ ਗੋਲੀ ਲੱਗੀ।
ਏ. ਐੱਸ. ਆਈ. ਹਰਜਿੰਦਰ ਸਿੰਘ ਨਾਲ ਹੋਈ ਹੱਥੋਪਾਈ ਅਤੇ ਭੱਜਣ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਨੂੰ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੋਵੇਂ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ ਹਨ, ਜਿਨ੍ਹਾਂ ਦੀ ਭਾਲ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਥਾਣਾ ਮਕਬੂਲਪੁਰਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਲੋਹੜੀ ਦੀ ਰਾਤ ਘਰ ਨੂੰ ਲੱਗੀ ਅੱਗ, ਪਿਓ-ਧੀ ਜ਼ਿੰਦਾ ਸੜੇ
