heroin

ਜੱਗੂ ਭਗਵਾਨਪੁਰੀਆ ਦਾ ਸਾਥੀ 4.7 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਪਟਿਆਲਾ, 30 ਸਤੰਬਰ : ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਟਿਆਲਾ ਨੇ ਇੱਕ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ 4.7 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਵੰਸ਼ ਕੁਮਾਰ, ਪਿੰਡ ਦਾਲਮ ਬਟਾਲਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵੰਸ਼ ਕੁਮਾਰ ਦੁਬਈ ਅਧਾਰਤ ਅੰਮ੍ਰਿਤਪਾਲ ਸਿੰਘ, ਜੋ ਕਿ ਜੇਲ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ, ਉਸਦੇ ਨਾਲ ਨੇੜਿਓਂ ਕੰਮ ਕਰ ਰਿਹਾ ਹੈ।

ਇਸ ਬਾਰੇ ਏਆਈਜੀ ਸੀਆਈ ਪਟਿਆਲਾ ਡਾ. ਸਿਮਰਤ ਕੌਰ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਸ਼ੱਕੀ ਵੰਸ਼ ਕੁਮਾਰ ਨੇ ਤਰਨਤਾਰਨ ਤੋਂ ਹੈਰੋਇਨ ਦੀ ਖੇਪ ਚੁੱਕੀ ਹੈ ਅਤੇ ਉਹ ਇਸਨੂੰ ਜਲੰਧਰ ਪਹੁੰਚਾਉਣ ਜਾ ਰਿਹਾ ਹੈ। ਇਸ ‘ਤੇ ਕਾਰਵਾਈ ਕਰਦਿਆਂ ਸੀਆਈ ਪਟਿਆਲਾ ਦੀਆਂ ਪੁਲਿਸ ਨੇ ਉਸਨੂੰ ਘੇਰਾ ਪਾ ਲਿਆ ਅਤੇ ਮੌਕੇ ‘ਤੇ ਹੀ ਉਸਦੇ ਕਬਜ਼ੇ ‘ਚੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਅਤੇ ਉਸਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਹੈ।

ਪੁਲਿਸ ਮੁਤਾਬਕ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਵੰਸ਼ ਅੰਮ੍ਰਿਤਪਾਲ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਅੰਮ੍ਰਿਤਪਾਲ ‘ਤੇ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲੇ ਹਨ, ਜਿਨ੍ਹਾਂ ‘ਚ ਅਸਲਾ ਐਕਟ, ਐਨਡੀਪੀਐਸ ਐਕਟ ਅਤੇ ਆਈਪੀਸੀ ਦੀ ਧਾਰਾ 302 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਨੂੰ ਇਨ੍ਹਾਂ ‘ਚੋਂ ਇੱਕ ਮਾਮਲੇ ਵਿੱਚ ਸਥਾਨਕ ਅਦਾਲਤ ਨੇ ਭਗੌੜਾ ਵੀ ਐਲਾਨਿਆ ਹੋਇਆ ਹੈ।

ਏਆਈਜੀ ਨੇ ਕਿਹਾ ਕਿ ਸਪਲਾਈ ਚੇਨ ਦਾ ਪਤਾ ਲਗਾਉਣ ਅਤੇ ਜਲੰਧਰ ਵਿੱਚ ਖੇਪ ਪ੍ਰਾਪਤ ਕਰਨ ਵਾਲੀਆਂ ਦੀ ਪਛਾਣ ਕਰਨ ਲਈ ਅਗਲੀ ਜਾਂਚ ਜਾਰੀ ਹੈ। ਪੁਲਿਸ ਨੇ ਇਸ ਕੇਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਥਾਣਾ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29 ਤਹਿਤ ਐਫ.ਆਈ.ਆਰ ਦਰਜ ਕੀਤੀ ਹੈ |

Read More : ਅੰਮ੍ਰਿਤਪਾਲ ਸਿੰਘ ਦੇ ਚਾਚਾ ਦਾ ਮਿਲਿਆ ਦੋ ਦਿਨ ਰਿਮਾਂਡ

Leave a Reply

Your email address will not be published. Required fields are marked *