ਗੁਰਧਾਮਾਂ ਦੇ ਦਰਸ਼ਨ ਸ਼ਰਧਾ ਦਾ ਵਿਸ਼ਾ, ਫੀਸ ਲਗਾਉਣ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਪਹੁੰਚੇਗੀ ਸੱਟ
ਅੰਮ੍ਰਿਤਸਰ, 1 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਯਾਤਰੂਆਂ ‘ਤੇ ‘ਦਾਖ਼ਲਾ ਫੀਸ’ ਲਗਾਉਣ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਇਸ ਫੈਸਲੇ ਤੋਂ ਤੁਰੰਤ ਬਾਹਰ ਰੱਖਿਆ ਜਾਵੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਧਾਮਾਂ ਦੀ ਯਾਤਰਾ ਸਿੱਖਾਂ ਦੀ ਆਸਥਾ ਨਾਲ ਜੁੜਿਆ ਮਾਮਲਾ ਹੈ ਅਤੇ ਇਸ ‘ਤੇ ਕਿਸੇ ਵੀ ਤਰ੍ਹਾਂ ਦਾ ਵਿੱਤੀ ਬੋਝ ਪਾਉਣਾ ਜਾਇਜ਼ ਨਹੀਂ ਹੈ। ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਪਾਕਿਸਤਾਨ ਜਾਣ ਵਾਲੇ ਯਾਤਰੂਆਂ ਤੋਂ ਜਾਣ ਸਮੇਂ 200 ਰੁਪਏ ਅਤੇ ਵਾਪਸੀ ਸਮੇਂ 200 ਰੁਪਏ (ਕੁੱਲ 400 ਰੁਪਏ) ਦਾਖ਼ਲਾ ਫੀਸ ਲੈਣ ਦਾ ਫੈਸਲਾ ਕੀਤਾ ਹੈ।
ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਹਰ ਸਿੱਖ ਦੇ ਮਨ ਵਿੱਚ ਰਹਿੰਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਮੌਕੇ ਵੱਡੀ ਗਿਣਤੀ ਵਿੱਚ ਜਥੇ ਪਾਕਿਸਤਾਨ ਭੇਜੇ ਜਾਂਦੇ ਹਨ, ਜਿਨ੍ਹਾਂ ‘ਤੇ ਇਸ ਫੈਸਲੇ ਦਾ ਮਾੜਾ ਅਸਰ ਪਵੇਗਾ।
ਐਡਵੋਕੇਟ ਧਾਮੀ ਨੇ ਯਾਦ ਕਰਵਾਇਆ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਕਿਸਤਾਨ ਸਰਕਾਰ ਵੱਲੋਂ ਲਈ ਜਾਂਦੀ 20 ਡਾਲਰ ਫੀਸ ਨੂੰ ਖ਼ਤਮ ਕਰਨ ਦੀ ਮੰਗ ਕਰਦੀ ਆ ਰਹੀ ਹੈ। ਅਜਿਹੇ ਵਿੱਚ ਹੁਣ ਭਾਰਤ ਸਰਕਾਰ ਵੱਲੋਂ ਆਪਣੀ ਤਰਫ਼ੋਂ ਨਵੀਂ ਫੀਸ ਲਗਾ ਦੇਣਾ ਸਿੱਖ ਸੰਗਤ ਲਈ ਹੋਰ ਵੀ ਨਿਰਾਸ਼ਾਜਨਕ ਹੈ।
ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਫੈਸਲੇ ‘ਤੇ ਮੁੜ ਵਿਚਾਰ ਕਰੇ ਅਤੇ ਸ਼ਰਧਾਲੂਆਂ ਨੂੰ ਰਾਹਤ ਦੇਵੇ।
Read More : ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ: ਐਡਵੋਕੇਟ ਐੱਚ.ਐੱਸ. ਫੂਲਕਾ ਭਾਜਪਾ ਵਿਚ ਸ਼ਾਮਲ
