60 ਕਿਲੋ ਹੈਰੋਇਨ ਸਮੇਤ 9 ਗ੍ਰਿਫ਼ਤਾਰ
ਅੰਮ੍ਰਿਤਸਰ, 30 ਜੂਨ :-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਨਸ਼ਿਆਂ ਦੀ ਸਮੱਗਲਿੰਗ ਖਿਲਾਫ਼ ਵੱਡੀ ਕਾਰਵਾਈ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਅਤੇ ਰਾਜਸਥਾਨ ਪੁਲਸ ਦੇ ਸਹਿਯੋਗ ਨਾਲ ਪਾਕਿਸਤਾਨ-ਅਾਧਾਰਿਤ ਸਮੱਗਲਰ ਤਨਵੀਰ ਸ਼ਾਹ ਅਤੇ ਕੈਨੇਡਾ-ਅਾਧਾਰਿਤ ਹੈਂਡਲਰ ਜੋਬਨ ਕਲੇਰ ਵਲੋਂ ਚਲਾਏ ਜਾ ਰਹੇ ਇਕ ਵੱਡੇ ਅੰਤਰਰਾਸ਼ਟਰੀ ਡਰੱਗ ਕਾਰਟਿਲ ਦਾ ਪਰਦਾਫਾਸ਼ ਕਰਦਿਆਂ ਰਾਜਸਥਾਨ ਦੇ ਬਾੜਮੇਰ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜਿਓਂ 60.302 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਜਾਣਕਾਰੀ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਇਸ ਕਾਰਵਾਈ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਤੋਂ ਸਮੱਗਲਰਾਂ ਅਤੇ ਹਵਾਲਾ ਆਪ੍ਰੇਟਰਾਂ ਸਮੇਤ ਘੱਟੋ-ਘੱਟ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਪਿੰਡ ਰਾਮਪੁਰਾ ਅੰਮ੍ਰਿਤਸਰ ਦੇ ਗਗਨਦੀਪ ਸਿੰਘ ਉਰਫ਼ ਗਗਨ (23), ਪਿੰਡ ਖੁਰਮਣੀਆਂ, ਅੰਮ੍ਰਿਤਸਰ ਦੇ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ (20), ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਦੇ ਗੁਰਸਾਹਿਬ ਸਿੰਘ (25), ਪਿੰਡ ਕਲਿਆਣਾ, ਜੰਮੂ ਤੇ ਕਸ਼ਮੀਰ ਦੇ ਰਾਜੀਵ ਪੰਜਗੋਤਰਾ ਉਰਫ਼ ਰਾਜਵੀਰ (29), ਫਤਿਹਪੁਰ ਬ੍ਰਾਹਮਣਾ, ਜੰਮੂ-ਕਸ਼ਮੀਰ ਦੇ ਸੋਮਨਾਥ (62), ਸਿੰਬਲ ਕੈਂਪ, ਜੰਮੂ-ਕਸ਼ਮੀਰ ਦੇ ਪ੍ਰਸ਼ੋਤਮ ਸਿੰਘ ਉਰਫ਼ ਕਾਲਾ (50), ਅੰਮ੍ਰਿਤਸਰ ਦੇ ਪਿੰਡ ਮੂਲੇਚੱਕ ਦੇ ਕੁਲਵਿੰਦਰ ਸਿੰਘ (24), ਜੰਮੂ-ਕਸ਼ਮੀਰ ਦੇ ਪਿੰਡ ਟਾਂਡਾ ਦੀ ਰਜਿੰਦਰ ਕੌਰ (42) ਵਜੋਂ ਹੋਈ ਹੈ। ਉਕਤ ਮੁਲਜ਼ਮਾਂ ਤੋਂ ਇਲਾਵਾ ਇਕ ਹਵਾਲਾ ਆਪ੍ਰੇਟਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਰੱਗ ਕਾਰਟਿਲ ਪਾਕਿਸਤਾਨ-ਅਾਧਾਰਿਤ ਸਮੱਗਲਰ ਤਨਵੀਰ ਸ਼ਾਹ ਅਤੇ ਕੈਨੇਡਾ-ਅਾਧਾਰਿਤ ਸਮੱਗਲਰ ਜੋਬਨ ਕਲੇਰ ਵਲੋਂ ਲੋਕਲ ਕਿੰਗਪਿੰਨ ਗੁਰਸਾਹਿਬ ਸਿੰਘ ਦੀ ਮਦਦ ਨਾਲ ਚਲਾਇਆ ਜਾ ਰਿਹਾ ਸੀ, ਜੋ ਪਹਿਲਾਂ ਹੀ ਗੋਇੰਦਵਾਲ ਸਾਹਿਬ ਜੇਲ ਵਿਚ ਬੰਦ ਹੈ, ਜੋ ਜੇਲ ਦੇ ਅੰਦਰੋਂ ਵੀ ਮੋਬਾਈਲ ਫੋਨ ਦੀ ਵਰਤੋਂ ਨਾਲ ਇਸ ਨੈੱਟਵਰਕ ਨੂੰ ਲਗਾਤਾਰ ਚਲਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਜੇਲ ਅਧਿਕਾਰੀਆਂ ਦੀ ਮਦਦ ਨਾਲ ਉਸ ਦਾ ਫੋਨ ਬਰਾਮਦ ਕਰ ਲਿਆ ਗਿਆ ਹੈ ਅਤੇ ਕੈਨੇਡਾ-ਪਾਕਿਸਤਾਨ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਲਈ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਗਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਪਿਛਲੇ ਮਹੀਨੇ ਗੁਰਸਾਹਿਬ ਸਿੰਘ ਨੂੰ ਛੇਹਰਟਾ ਤੋਂ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਤੋਂ ਤੁਰੰਤ ਬਾਅਦ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜੇਲ ਵਿਚ ਹੋਣ ਦੇ ਬਾਵਜੂਦ ਮੁਲਜ਼ਮ ਗੁਰਸਾਹਿਬ ਆਪਣੇ ਭਤੀਜੇ ਜਸ਼ਨਪ੍ਰੀਤ ਸਿੰਘ ਅਤੇ ਸਾਥੀ ਗਗਨਦੀਪ ਸਿੰਘ, ਜਿਨ੍ਹਾਂ ਨੂੰ 102 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਰਾਹੀਂ ਨੈੱਟਵਰਕ ਨੂੰ ਚਲਾ ਰਿਹਾ ਸੀ।
ਉਕਤ ਦੋਵੇਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਬਾੜਮੇਰ ਵਿਚ 60 ਕਿਲੋ ਹੈਰੋਇਨ ਦੀ ਵੱਡੀ ਖੇਪ ਦਾ ਪਤਾ ਲੱਗਿਆ। ਜਾਂਚ ਦੌਰਾਨ ਹਵਾਲਾ-ਆਪ੍ਰੇਟਰ ਦੀ ਗ੍ਰਿਫ਼ਤਾਰੀ ਨਾਲ ਡਰੱਗ ਮਨੀ ਦੇ ਲੈਣ-ਦੇਣ ਦੇ ਵਰਤੇ ਜਾ ਰਹੇ ਹਵਾਲਾ ਨੈੱਟਵਰਕ ਦਾ ਵੀ ਪਰਦਾਫਾਸ਼ ਹੋਇਆ ਹੈ।
ਇਹ ਕਾਰਵਾਈ ਡੀ. ਸੀ. ਪੀ. (ਡੀ) 1 ਰਵਿੰਦਰਪਾਲ ਸਿੰਘ, ਏ. ਡੀ. ਸੀ. ਪੀ. (ਡੀ) ਜਗਬਿੰਦਰ ਸਿੰਘ, ਏ. ਡੀ. ਸੀ. ਪੀ.-2 ਹਰਪਾਲ ਸਿੰਘ, ਏ. ਸੀ. ਪੀ. (ਡੀ.) ਯਾਦਵਿੰਦਰ ਸਿੰਘ, ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ, ਐੱਸ. ਐੱਚ. ਓ. ਛੇਹਰਟਾ ਵਿਨੋਦ ਸ਼ਰਮਾ, ਸੀ. ਆਈ. ਏ.-1 ਇੰਚਾਰਜ ਅਮੋਲਕਦੀਪ ਸਿੰਘ ਅਤੇ ਸੀ. ਆਈ. ਏ.-2 ਇੰਚਾਰਜ ਰਵੀ ਕੁਮਾਰ ਦੀ ਨਿਗਰਾਨੀ ਹੇਠ ਕੀਤੀ ਗਈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਨਸ਼ਿਆਂ ਦੀ ਸਮੱਗਲਿੰਗ ਕਰ ਕੇ ਸਥਾਨਕ ਡਿਸਟ੍ਰੀਬਿਊਸ਼ਨ ਚੈਨਲਾਂ ਰਾਹੀਂ ਰਾਜਸਥਾਨ ਦੇ ਰਸਤਿਓਂ ਪੰਜਾਬ ਭੇਜਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਤਨਵੀਰ ਸ਼ਾਹ ਨਾਲ ਜੁੜੇ ਪੰਜ ਹੋਰ ਮੁਲਜ਼ਮਾਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21-ਬੀ, 21-ਸੀ, 27-ਬੀ ਅਤੇ 29 ਦੇ ਤਹਿਤ ਐੱਫ. ਆਈ. ਆਰ. ਨੰਬਰ 118 ਮਿਤੀ 17/06/2025 ਦਰਜ ਕੀਤੀ ਗਈ ਹੈ।
Read More : ਪਾਕਿਸਤਾਨ ਪੁਲਸ ਦੀ ਹਿਰਾਸਤ ਵਿਚ ਅੰਮ੍ਰਿਤਪਾਲ ਸਿੰਘ