Review meeting

ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮਨੁੱਖੀ ਸਿਹਤ ਤੇ ਪਸ਼ੂਆਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਹਦਾਇਤਾਂ

ਸਰਕਾਰ ਪਹਿਲਾਂ ਹੀ ਮਨੁੱਖਾਂ ਅਤੇ ਜਾਨਵਰਾਂ ਵਿਚ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਕਰ ਰਹੀ ਵਿਆਪਕ ਯਤਨ : ਭਗਵੰਤ ਮਾਨ

ਚੰਡੀਗੜ੍ਹ 17 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਆਪਣੇ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿਚ ਸਿਹਤ ਜਾਂਚ ਅਤੇ ਇਲਾਜ ਸ਼ਾਮਲ ਹੈ।

ਇੱਥੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਨੇ ਸੂਬੇ ਦੇ ਕਈ ਜ਼ਿਲਿਆਂ ਵਿਚ ਵਿਆਪਕ ਨੁਕਸਾਨ ਕੀਤਾ ਹੈ ਅਤੇ ਹੁਣ ਜਦੋਂ ਪਾਣੀ ਘੱਟਣਾ ਸ਼ੁਰੂ ਹੋ ਗਿਆ ਹੈ, ਤਾਂ ਮਨੁੱਖਾਂ ਅਤੇ ਜਾਨਵਰਾਂ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਮਨੁੱਖਾਂ ਅਤੇ ਜਾਨਵਰਾਂ ਵਿੱਚ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਵਿਆਪਕ ਯਤਨ ਕਰ ਰਹੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਹੁਣ ਤੱਕ ਲਗਾਏ ਗਏ ਸਿਹਤ ਜਾਂਚ ਕੈਂਪਾਂ ਤੋਂ ਲਗਭਗ 1.50 ਲੱਖ ਲੋਕਾਂ ਨੇ ਲਾਭ ਉਠਾਇਆ ਹੈ। ਇਨ੍ਹਾਂ ਕੈਂਪਾਂ ਵਿੱਚ ਵੱਡੇ ਪੱਧਰ ‘ਤੇ ਬੁਖਾਰ, ਦਸਤ, ਚਮੜੀ ਦੀ ਲਾਗ ਅਤੇ ਹੋਰ ਬਿਮਾਰੀਆਂ ਦਾ ਪਤਾ ਲੱਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਸਿਹਤ ਚਿੰਤਾਵਾਂ ਨੂੰ ਦੂਰ ਕਰਨ ਲਈ 14 ਸਤੰਬਰ ਨੂੰ ਇਕ ਵਿਸ਼ੇਸ਼ ਸਿਹਤ ਸੰਭਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨਾ, ਬਰਸਾਤੀ ਮੌਸਮ ਦੀਆਂ ਬਿਮਾਰੀਆਂ, ਛੂਤ ਦੀਆਂ ਬਿਮਾਰੀਆਂ ਨੂੰ ਹੱਲ ਕਰਨਾ ਅਤੇ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਸ਼ਾਮਲ ਸੀ।

ਇਸ ਤੋਂ ਇਲਾਵਾ, ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਵਿਆਪਕ ਸਿਹਤ ਜਾਂਚ ਵੀ ਕੀਤੀ ਜਾ ਰਹੀ ਹੈ। ਸਾਰੇ 2,303 ਪ੍ਰਭਾਵਿਤ ਪਿੰਡਾਂ ਵਿੱਚ ਤਿੰਨ ਦਿਨਾਂ ਵਿੱਚ ਮੈਡੀਕਲ ਜਾਂਚ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿਚ ਡਾਕਟਰ ਪੈਰਾ ਮੈਡੀਕਲ ਟੀਮਾਂ, ਸਹਾਇਕ ਸਟਾਫ ਅਤੇ ਜ਼ਰੂਰੀ ਦਵਾਈਆਂ ਅਤੇ ਹੋਰ ਸਮਾਨ ਸ਼ਾਮਲ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਆਸ਼ਾ ਵਰਕਰ ਆਪਣੇ ਪਿੰਡ ਦੇ ਹਰ ਘਰ ਦਾ ਦੌਰਾ ਕਰ ਰਹੀ ਹੈ, ਜੋ ਹੁਣ ਤੱਕ ਲਗਭਗ 2.47 ਲੱਖ ਘਰਾਂ ਤੱਕ ਪਹੁੰਚ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਓ.ਆਰ. ਐਸ., ਮੱਛਰ ਭਜਾਉਣ ਵਾਲੀ ਦਵਾਈ, ਪੈਰਾਸੀਟਾਮੋਲ, ਸੇਟੀਰੀਜ਼ੀਨ, ਕਲੋਰੀਨ ਦੀਆਂ ਗੋਲੀਆਂ, ਸਾਬਣ ਅਤੇ ਹੋਰ ਮੁੱਢਲੀਆਂ ਡਾਕਟਰੀ ਸਹਾਇਤਾ ਵਾਲੀਆਂ ਸਿਹਤ ਕਿੱਟਾਂ ਵੰਡੀਆਂ ਗਈਆਂ ਹਨ। ਟੀਚਾ 20 ਸਤੰਬਰ 2025 ਤੱਕ ਹਰ ਘਰ ਤੱਕ ਪਹੁੰਚਣ ਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ਨੂੰ ਕਵਰ ਕਰਨ ਲਈ 21 ਦਿਨਾਂ ਦੀ ਫੌਗਿੰਗ ਅਤੇ ਮੱਛਰ ਕੰਟਰੋਲ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁਹਿੰਮ ਵਿਚ ਮੱਛਰਾਂ ਦੇ ਪ੍ਰਜਨਨ ਸਥਾਨਾਂ ਦਾ ਘਰ-ਘਰ ਜਾ ਕੇ ਨਿਰੀਖਣ ਕੀਤਾ ਜਾਵੇਗਾ ਅਤੇ ਜਿੱਥੇ ਵੀ ਲਾਰਵਾ ਮਿਲੇਗਾ, ਉੱਥੇ ਤੁਰੰਤ ਛਿੜਕਾਅ ਕੀਤਾ ਜਾਵੇਗਾ, ਜਿਨ੍ਹਾਂ ਇਲਾਕਿਆਂ ਵਿਚ ਮੱਛਰਾਂ ਦੇ ਲਾਰਵੇ ਪਾਏ ਗਏ ਹਨ, ਉੱਥੇ ਰੋਜ਼ਾਨਾ ਛਿੜਕਾਅ ਕੀਤਾ ਜਾ ਰਿਹਾ ਹੈ।

Read More : ਭਾਜਪਾ ਦੀ ਸੋਚ ਸਿੱਖ ਵਿਰੋਧੀ ਸੀ ਤੇ ਹਮੇਸ਼ਾ ਰਹੇਗੀ : ਜਥੇਦਾਰ ਹਵਾਰਾ ਕਮੇਟੀ

Leave a Reply

Your email address will not be published. Required fields are marked *