ਹਰਿਆਣਾ ਸਰਕਾਰ ਨੂੰ ਕਹਿ ਕੇ ਘੱਗਰ ਨੂੰ ਚੌੜਾ ਕਰਨ ਸਬੰਧੀ ਅਦਾਲਤੀ ਸਟੇਅ ਹਟਵਾਏ ਕੇਂਦਰ ਸਰਕਾਰ : ਹਰਪਾਲ ਚੀਮਾ
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ
ਖਨੌਰੀ, 31 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੱਗਰ ਦਰਿਆ ਕਾਰਨ ਵਾਰ-ਵਾਰ ਪੈਦਾ ਹੁੰਦੀ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਪੱਕੇ ਹੱਲ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖਨੌਰੀ ਹੈੱਡਵਰਕਸ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦਾ ਸਥਾਈ ਹੱਲ ਹੋ ਸਕਦਾ ਹੈ ਪਰ ਗੁਆਂਢੀ ਸੂਬੇ ਹਰਿਆਣਾ ਵੱਲੋਂ ਘੱਗਰ ਦਰਿਆ ਦੇ ਪੰਜਾਬ ਵਿਚਲੇ ਕੁਝ ਹਿੱਸੇ, ਮਕਰੌੜ ਸਾਹਿਬ ਤੋਂ ਕੜੈਲ ਤਕ, ਨੂੰ ਚੌੜਾ ਕੀਤੇ ਜਾਣ ਦੇ ਮਾਮਲੇ ਸਬੰਧੀ ਮਾਣਯੋਗ ਸੁਪਰੀਮ ਕੋਰਟ ਤੋਂ ਸਟੇਅ ਲਏ ਜਾਣ ਕਰ ਕੇ ਇਹ ਕਾਰਜ ਸਿਰੇ ਨਹੀਂ ਚੜ੍ਹ ਰਿਹਾ।
ਪੰਜਾਬ ਦੇ ਲੋਕਾਂ ਦੀ ਹੁੰਦੀ ਖੁਆਰੀ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਕਹਿ ਕੇ ਇਸ ਮਾਮਲੇ ਸਬੰਧੀ ਸਟੇਅ ਵਾਪਸ ਕਰਵਾਏ ਤਾਂ ਜੋ ਪੰਜਾਬ ਸਰਕਾਰ ਲੋਕਾਂ ਦੀ ਹਿਫਾਜ਼ਤ ਹਿਤ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦੇ ਕੰਢੇ ਮਜ਼ਬੂਤ ਕਰ ਸਕੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕੇਵਲ ਸੁਚੇਤ ਰਹਿਣ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 743.7 ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 748 ਫੁੱਟ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਂ ਇੱਕ ਦੂਜੇ ਦੀ ਬਾਂਹ ਫੜਨ ਦਾ ਹੈ। ਇਸ ਲਈ ਹਰ ਵਿਅਕਤੀ ਕਿਸੇ ਵੀ ਲੋੜਵੰਦ ਲਈ ਜੋ ਵੀ ਕਰ ਸਕਦਾ ਹੈ, ਉਹ ਜ਼ਰੂਰ ਕਰੇ। ਪੰ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਫੀਲਡ ਵਿੱਚ ਮੌਜੂਦ ਹਨ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਸਬੰਧੀ ਜ਼ਿਲ੍ਹੇ ਵਿਚਲੇ ਫਲਡ ਕੰਟਰੋਲ ਰੂਮ ਨੰਬਰਾਂ ਸਿੰਚਾਈ ਵਿਭਾਗ 87250-29785, ਜ਼ਿਲ੍ਹਾ ਪ੍ਰਸ਼ਾਸਨ 01672-234196 ‘ਤੇ ਰਾਬਤਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਐਸ.ਡੀ.ਐਮ. ਲਹਿਰਾ ਸੂਬਾ ਸਿੰਘ, ਸੀਨੀਅਰ ਆਪ ਆਗੂ ਸੁਰਿੰਦਰ ਕਾਂਸਲ, ਚੇਅਰਮੈਨ ਜੋਗੀ ਰਾਮ ਭੁੱਲਣ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਪ ਖਨੌਰੀ, ਵੀਰਭਾਨ ਕਾਂਸਲ ਬਲਾਕ ਪ੍ਰਧਾਨ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਮੌਜੂਦ ਸਨ।
Read More : ਨੇਪਾਲ ਰਾਹੀਂ ਤਿੰਨ ਅੱਤਵਾਦੀ ਬਿਹਾਰ ਵਿਚ ਦਾਖਲ, ਅਲਰਟ ਜਾਰੀ
