ਅਦਾਲਤ ਨੇ ਐੱਸ.ਐੱਸ.ਪੀ. ਬਠਿੰਡਾ ਤੇ ਡੀ.ਸੀ. ਮਾਨਸਾ ਤੋਂ ਮੰਗੀ ਰਿਪੋਰਟ
ਬਠਿੰਡਾ, 8 ਦਸੰਬਰ : ਕੋਟਫ਼ੱਤਾ ’ਚ ਮਾਸੂਮ ਦਲਿਤ ਭੈਣ–ਭਰਾ ਦੀ ਬਲੀ ਦੇਣ ਦੇ ਦਰਿੰਦਗੀ ਭਰੇ ਮਾਮਲੇ ਦੇ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਸਿੰਘ ਉਰਫ ਲੱਖੀ ਦੇ ਦੋ ਸਾਲਾਂ ਤੋਂ ਫਰਾਰ ਰਹਿਣ ’ਤੇ ਅਦਾਲਤ ਨੇ ਸਖਤ ਰੁਖ ਅਖਤਿਆਰ ਕਰਦਿਆਂ ਐੱਸ.ਐੱਸ.ਪੀ. ਬਠਿੰਡਾ ਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਤਸਦੀਕ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਮੁਲਜ਼ਮ 18 ਸਤੰਬਰ 2023 ਨੂੰ ਫਰਲੋ ’ਤੇ ਜੇਲ ਤੋਂ ਬਾਹਰ ਆਇਆ ਸੀ ਤੇ ਵਾਪਸ ਸਮਰਪਣ ਨਾ ਕਰ ਕੇ ਗਾਇਬ ਹੋ ਗਿਆ। ਦੋ ਸਾਲਾਂ ਵਿਚ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਸ ਦੀ ਗ੍ਰਿਫਤਾਰੀ ਨਾ ਹੋਣ ’ਤੇ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਹਰੀਸ ਕੁਮਾਰ ਨੇ ਤਿੱਖੇ ਟਿੱਪਣੀ ਕੀਤੀ ਕਿ ਇਹ ਗੱਲ ਕਾਨੂੰਨ ਪ੍ਰਬੰਧ ਤੇ ਪੁਲਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਅਦਾਲਤ ਨੇ ਆਰਡਰਾਂ ਵਿਚ ਦਰਜ ਕੀਤਾ ਕਿ ਗਵਾਹ ਪਰਨਜੀਤ ਸਿੰਘ ਜੱਗੀ ਬਾਬਾ ਕੋਟਫੱਤਾ ਖੁਦ ਪੇਸ਼ ਹੋ ਕੇ ਦੱਸ ਚੁੱਕੇ ਹਨ ਕਿ ਮੁੱਖ ਦੋਸ਼ੀ ਇਲਾਕੇ ਵਿਚ ਖੁੱਲ੍ਹੇਆਮ ਫਿਰਦਾ ਹੈ, ਜਿਸ ਦੀ ਜਾਣਕਾਰੀ ਪੁਲਸ ਨੂੰ ਕਈ ਵਾਰ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਜੱਗੀ ਬਾਬਾ ਨੇ ਪ੍ਰੈੱਸ ਸਾਹਮਣੇ ਵੀ ਦੱਸਿਆ ਕਿ ਉਨ੍ਹਾਂ ਨੇ ਐੱਸ.ਐੱਸ.ਪੀ. ਬਠਿੰਡਾ ਕੋਲ ਪੁਲਸ ਦੀ ਨਖਿੱਧ ਭੂਮਿਕਾ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਹੈ ਤੇ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਅਦਾਲਤ ਨੇ ਡਿਪਟੀ ਕਮਿਸ਼ਨਰ/ਕਲੈਕਟਰ ਮਾਨਸਾ ਨੂੰ ਮੁਲਜ਼ਮ ਦੇ ਜ਼ਮਾਨਤੀਏ ਸਰਤਾਜ ਸਿੰਘ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਨੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਫਰਲੋ ਲਈ ਸੀ ਤੇ ਸਮਰਪਣ ਦੀ ਮਿਤੀ ’ਤੇ ਜੇਲ ਨਾ ਪਹੁੰਚ ਕੇ ਫਰਾਰ ਹੋ ਗਿਆ ਸੀ।
ਦੋ ਸਾਲਾਂ ਤੋਂ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਵਿਚ ਅਸਫਲ ਰਹੀ, ਜਿਸ ’ਤੇ ਅਦਾਲਤ ਨੇ ਐੱਸ.ਐੱਸ.ਪੀ. ਨੂੰ ਵਾਰੰਟ ਤਾਮੀਲ ਨਾ ਹੋਣ ਦੇ ਕਾਰਨਾਂ ਸਮੇਤ ਪੂਰੀ ਰਿਪੋਰਟ ਅਗਲੀ ਸੁਣਵਾਈ ’ਤੇ ਪੇਸ਼ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।
Read More : ਲੜਕੀ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਪਿਤਾ ਦਾ ਕੀਤਾ ਕਤਲ
