Sri Kali Mata Mandir

ਸ੍ਰੀ ਕਾਲੀ ਮਾਤਾ ਮੰਦਰ ’ਚ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਮਾਤਾ ਰਾਣੀ ਦੇ ਅਸੀਸ ਨਾਲ ਸਾਲ ਅੰਦਰ ਮੁਕੰਮਲ ਹੋਵੇਗਾ ਪ੍ਰਾਜੈਕਟ : ਅਰਵਿੰਦ ਕੇਜਰੀਵਾਲ

ਪਟਿਆਲਾ, 30 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵੀਰਵਾਰ ਨੂੰ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਲਈ 75 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ।

ਕੌਮੀ ਕਨਵੀਨਰ ਨੇ ਕਿਹਾ ਕਿ ਇਹ ਸੂਬਾ ਸਰਕਾਰ ਦਾ ਵਿਸ਼ੇਸ਼ ਫ਼ਰਜ਼ ਬਣਦਾ ਹੈ ਕਿ ਉਹ ਵਧੇਰੇ ਜਨਤਕ ਮਹੱਤਤਾ ਵਾਲੇ ਅਜਿਹੇ ਪ੍ਰਾਜੈਕਟਾਂ ਨੂੰ ਤਰਜੀਹ ਦੇਵੇ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਕਦੇ ਵੀ ਜਨਤਕ ਮਹੱਤਤਾ ਵਾਲੇ ਇਨ੍ਹਾਂ ਕੰਮਾਂ ਨੂੰ ਕਰਨ ਦੀ ਖੇਚਲ ਨਹੀਂ ਕੀਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਮਾਤਾ ਰਾਣੀ ਨੇ ਆਪ ਦੀ ਅਗਵਾਈ ਵਾਲੀ ਸਰਕਾਰ ਨੂੰ ਇਹ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ।

ਮੰਦਰ ਦੇ ਕੰਪਲੈਕਸ ’ਚ ਕਾਲੀ ਮਾਤਾ ਨੂੰ ਸਮਰਪਿਤ ਮੁੱਖ ਮੰਦਰ ਦੇ ਨਾਲ ਸ਼ਕਤੀ ਦੇ ਬ੍ਰਹਮ ਸਵਰੂਪ ਸ੍ਰੀ ਰਾਜ ਰਾਜੇਸ਼ਵਰੀ ਜੀ ਦਾ ਪ੍ਰਾਚੀਨ ਮੰਦਰ ਵੀ ਹੈ। ਸ਼ਰਧਾ ਦੇ ਇਹ ਦੋਵੇਂ ਅਸਥਾਨ ਮੰਦਰ ਦੇ ਕੰਪਲੈਕਸ ਨੂੰ ਅਧਿਆਤਮਿਕ ਤੌਰ ‘ਤੇ ਵਧੇਰੇ ਮਹੱਤਵਪੂਰਨ ਤੇ ਵਾਸਤੂ-ਕਲਾ ਦੇ ਪੱਖ ਤੋਂ ਵਧੇਰੇ ਵਿਲੱਖਣ ਬਣਾਉਂਦੇ ਹਨ, ਜਿੱਥੇ ਸਦੀਆਂ ਪੁਰਾਣੀਆਂ ਪਰੰਪਰਾਵਾਂ ਦਾ ਆਧੁਨਿਕ ਬੁਨਿਆਦੀ ਢਾਂਚੇ ਨਾਲ ਬੇਹੱਦ ਸੁੰਦਰ ਸੁਮੇਲ ਵੇਖਣ ਨੂੰ ਮਿਲਦਾ ਹੈ। ਮੰਦਰ ਦੀ ਮਹੱਤਤਾ ਇਸ ਤੱਥ ਤੋਂ ਸਪੱਸ਼ਟ ਹੁੰਦੀ ਹੈ ਕਿ ਇੱਥੇ ਲਗਭਗ 10,000 ਸ਼ਰਧਾਲੂ ਰੋਜ਼ਾਨਾ, ਲਗਭਗ 40,000 ਹਰ ਸ਼ਨੀਵਾਰ ਨੂੰ ਆਉਂਦੇ ਹਨ ਤੇ ਨਵਰਾਤਰੀ ਦੇ ਤਿਉਹਾਰ ਦੌਰਾਨ ਇਹ ਗਿਣਤੀ ਲਗਪਗ ਇਕ ਲੱਖ ਹੋ ਜਾਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਰਾਜ ਸਰਕਾਰ ਨੇ ਸ੍ਰੀ ਕਾਲੀ ਮਾਤਾ ਮੰਦਰ ਨੂੰ ਨਵਾਂ ਰੂਪ ਦੇਣ ਲਈ 73.52 ਕਰੋੜ ਰੁਪਏ ਦੇ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ।

ਮੰਦਰ ਦੇ ਸਰੋਵਰ ਨੂੰ ਭਾਖੜਾ ਨਹਿਰ ਤੋਂ ਸਾਫ਼ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਮ ਚੱਲ ਰਿਹਾ ਹੈ ਤੇ ਪ੍ਰਾਜੈਕਟ ਲਈ 1.15 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸੇ ਤਰ੍ਹਾਂ ਮੰਦਰ ਦੇ ਮੌਜੂਦਾ ਸੀਵਰੇਜ ਸਿਸਟਮ ਤੇ ਮੀਂਹ ਦੇ ਪਾਣੀ ਦੇ ਨਿਕਾਸ ਢਾਂਚੇ ਨੂੰ 49.06 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਮੰਦਰ ਕੰਪਲੈਕਸ ’ਚ 25 ਲੱਖ ਰੁਪਏ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਸਥਾਪਤ ਕੀਤਾ ਜਾ ਰਿਹਾ ਹੈ, ਜੋ ਨਾ ਸਿਰਫ਼ ਸਥਾਨਕ ਨਿਵਾਸੀਆਂ ਸਗੋਂ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਡਾਕਟਰੀ ਸਹਾਇਤਾ ਪ੍ਰਦਾਨ ਕਰੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੰਦਰ ਦੀ ਅਧਿਆਤਮਿਕਤਾ ਅਤੇ ਸੁੰਦਰਤਾ ਵਿੱਚ ਵਾਧਾ ਕਰਨ ਲਈ ਪ੍ਰਮੁੱਖ ਤੀਰਥ ਅਸਥਾਨਾਂ ਦੀ ਤਰ੍ਹਾਂ ਸਰੋਵਰ ਨਜਦੀਕ ਇੱਕ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਇਸ ਪ੍ਰਾਜੈਕਟ ’ਤੇ 6.78 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਇਸ ਸਬੰਧੀ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਨਵੀਂ ਬਣੀ ਇਮਾਰਤ ਵਿੱਚ 15.11 ਲੱਖ ਰੁਪਏ ਦੀ ਲਾਗਤ ਨਾਲ ਇਕ ਲਿਫਟ ਲਗਾਈ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਰੋਵਰ ਦੇ ਨੇੜੇ ਨਵਾਂ ਰਸਤਾ ਬਣਾਇਆ ਜਾ ਰਿਹਾ ਹੈ। ਮੰਦਰ ਦੀ ਨਵੀਂ ਇਮਾਰਤ, ਗਲਿਆਰਾ, ਚਾਰਦੀਵਾਰੀ, ਪ੍ਰਵੇਸ਼ ਦੁਆਰ ਅਤੇ ਸਰੋਵਰ ਸਬੰਧੀ ਪ੍ਰਾਜੈਕਟ ਸਮੂਹਿਕ ਤੌਰ ‘ਤੇ ਸ਼ੁਰੂ ਕੀਤੇ ਗਏ ਹਨ। ਸਿੱਖ ਤੇ ਹਿੰਦੂ ਪਰੰਪਰਾਵਾਂ ਮੁਤਾਬਕ ਆਉਣ ਵਾਲੇ ਸ਼ਰਧਾਲੂਆਂ ਖਾਸ ਕਰਕੇ ਦੂਰ-ਦੁਰਾਡੇ ਜਾਂ ਆਰਥਿਕ ਤੌਰ ’ਤੇ ਕਮਜ਼ੋਰ ਸ਼ਰਧਾਲੂਆਂ ਲਈ ਭਗਵੰਤ ਸਿੰਘ ਮਾਨ ਰੋਜ਼ਾਨਾ ਲੰਗਰ ਸੇਵਾ ਸ਼ੁਰੂ ਕੀਤੀ ਜਾਵੇਗੀ।

ਮੰਦਰ ਦੇ ਸਰੋਵਰ ਦਾ ਮੁਕੰਮਲ ਤੌਰ ’ਤੇ ਨਵੀਨੀਕਰਨ ਕੀਤਾ ਜਾਵੇਗਾ, ਜਿਸ ’ਚ ਗਾਰ ਕੱਢਣਾ, ਵਾਟਰਪ੍ਰੂਫਿੰਗ, ਕਿਨਾਰਿਆਂ ਦੇ ਨਾਲ ਪੱਥਰ ਦਾ ਕੰਮ ਅਤੇ ਰਸਤੇ ਦੀ ਤਿਆਰੀ ਸ਼ਾਮਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਸਰ ਜ਼ਿਆਦਾ ਟ੍ਰੈਫਿਕ ਦੌਰਾਨ ਵਰਤੇ ਜਾਂਦੇ ਪਿਛਲੇ ਗੇਟ ਨੂੰ ਦੁਬਾਰਾ ਖੋਲ੍ਹਣ ਅਤੇ ਇਸ ਦੇ ਨਵੀਨੀਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੰਦਰ ਦੇ ਸਾਰੇ ਪ੍ਰਵੇਸ਼ ਦੁਆਰਾਂ ਨੂੰ ਰਵਾਇਤੀ ਵਾਸਤੂ ਕਲਾ ਮੁਤਾਬਕ ਮੁੜ ਡਿਜ਼ਾਈਨ ਕੀਤਾ ਜਾਵੇਗਾ। ਹਫ਼ਤੇ ਦੇ ਆਖਰੀ ਦਿਨਾਂ ਤੇ ਨਵਰਾਤਰੀ ਦੌਰਾਨ, ਜਦੋਂ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਹੁੰਦੀ ਹੈ ਤਾਂ ਉਨ੍ਹਾਂ ਦੀ ਸੁਚੱਜੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਬੈਰੀਕੇਡ ਵਾਲੀਆਂ ਲੇਨਾਂ ਅਤੇ ਸਾਈਨ ਬੋਰਡਾਂ ਦੇ ਨਾਲ ਇਕ ਯੋਜਨਾਬੱਧ ਕਤਾਰ ਪ੍ਰਬੰਧਨ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਸ਼ਹਿਰੀ ਯੋਜਨਾਬੰਦੀ ਤੇ ਵਿਰਾਸਤ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਕੇ ਭਵਿੱਖੀ ਉਸਾਰੀ, ਵਿਰਾਸਤੀ ਸਾਂਭ-ਸੰਭਾਲ, ਤੀਰਥ ਯਾਤਰਾ ਸਬੰਧੀ ਸਹੂਲਤਾਂ, ਸੈਨੀਟੇਸ਼ਨ, ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਕਵਰ ਕਰਦਿਆਂ ਵਿਆਪਕ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭੀੜ-ਭੜੱਕੇ ਨੂੰ ਰੋਕਣ ਅਤੇ ਪ੍ਰਸ਼ਾਦ ਦੀ ਸੁਚਾਰੂ ਵੰਡ ਨੂੰ ਯਕੀਨੀ ਬਣਾਉਣ ਲਈ, ਮਾਤਾ ਵੈਸ਼ਨੋ ਦੇਵੀ ਮੰਦਰ ਦੀ ਤਰ੍ਹਾਂ ਇਕ ਟੋਕਨ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਵੱਖ-ਵੱਖ ਮੌਸਮਾਂ ਦੌਰਾਨ ਬਜ਼ੁਰਗ ਸ਼ਰਧਾਲੂਆਂ, ਮਾਵਾਂ ਅਤੇ ਅਪਾਹਜ ਵਿਅਕਤੀਆਂ ਦੀ ਸਹੂਲਤ ਲਈ ਸੰਗਤ ਹਾਲ ਨੂੰ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਹਾਲ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਰਕਾਰ ਦਾ ਫਰਜ਼ ਹੈ ਕਿ ਉਹ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲੇ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਸ਼ਾਨਦਾਰ ਅਤੀਤ ਨਾਲ ਜੁੜੀ ਰਹੇ।

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਨ ਲਈ ਮੰਦਰ ਅੰਦਰ ਇਕ ਹਾਲ ਬਣਾਇਆ ਗਿਆ ਹੈ ਤੇ 300 ਵਾਹਨਾਂ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਸਰਕਾਰ ਇਸ ਰੂਹਾਨੀ ਕੇਂਦਰ ਨੂੰ ਪੰਜਾਬ ਦੇ ਇਕ ਵਾਸਤੂ ਕਲਾ ਦੇ ਨਮੂਨੇ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ।

Read More : ਜਲੰਧਰ ਦੇ 800 ਪਰਿਵਾਰਾਂ ਨੂੰ ਉਜਾੜਨ ਨਹੀਂ ਦਿੱਤਾ ਜਾਵੇਗਾ : ਪਰਗਟ ਸਿੰਘ

Leave a Reply

Your email address will not be published. Required fields are marked *