ਫਗਵਾੜਾ, 12 ਜਨਵਰੀ : ਅੱਜ ਸਵੇਰੇ ਕਰੀਬ 6:30 ਤੋਂ 6:45 ਦੇ ਦਰਮਿਆਨ ਫਗਵਾੜਾ ਸ਼ਹਿਰ ’ਚ ਉਸ ਵੇਲੇ ਸੰਨਸਨੀ ਫੈਲ ਗਈ, ਜਦੋਂ ਸਥਾਨਕ ਹੁਸ਼ਿਆਰਪੁਰ ਰੋਡ ’ਤੇ ਮੌਜੂਦ ਮਸ਼ਹੂਰ ਮਠਿਆਈ ਦੀ ਦੁਕਾਨ ਐੱਸ. ਸੁਧੀਰ ਸਵੀਟਸ ’ਤੇ ਅਣਪਛਾਤੇ ਹਮਲਾਵਰਾਂ ਨੇ ਅੱਧਾ ਦਰਜਨ ਤੋਂ ਵੱਧ ਰਾਊਂਡ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ ਹਨ।
ਐੱਸ. ਸੁਧੀਰ ਸਵੀਟਸ ’ਤੇ ਇਕ ਤੋਂ ਬਾਅਦ ਇਕ ਕਰ ਕਰੀਬ 7 ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ। ਫਾਇਰਿੰਗ ਦੀ ਇਹ ਸਾਰੀ ਵਾਰਦਾਤ ਦੁਕਾਨ ’ਚ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ’ਚ ਕੈਦ ਹੋਈ ਹੈ।
ਜਾਣਕਾਰੀ ਅਨੁਸਾਰ ਐਕਟੀਵਾ ਸਵਾਰ 3 ਹਮਲਾਵਰ ਪਹਿਲਾਂ ਦੁਕਾਨ ਦੇ ਬਾਹਰ ਆਉਂਦੇ ਹਨ ਅਤੇ ਫਿਰ ਇਕ ਹਮਲਾਵਾਰ ਬੇਖੌਫ ਹੋ ਕੇ ਫਾਇਰਿੰਗ ਕਰਦਾ ਹੈ, ਜਦ ਕਿ 2 ਹਮਲਾਵਰ ਐਕਟਿਵਾ ’ਤੇ ਹੀ ਬੈਠੇ ਰਹਿੰਦੇ ਹਨ। ਦੁਕਾਨ ’ਤੇ ਚਲਾਈਆਂ ਗਈਆਂ ਗੋਲੀਆਂ ਦੌਰਾਨ ਦੁਕਾਨ ਦੇ ਸ਼ੀਸ਼ਿਆਂ ਸਮੇਤ ਹੋਰ ਸਮਾਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ ਪਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।
ਮਾਲਕ ਰਜਿੰਦਰ ਸੁਧੀਰ ਨੇ ਦੱਸਿਆ ਕਿ ਜਦ ਦੁਕਾਨ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ, ਉਸ ਵੇਲੇ ਉਹ ਮੌਕੇ ’ਤੇ ਮੌਜੂਦ ਨਹੀਂ ਸਨ ਪਰ ਉਨ੍ਹਾਂ ਦਾ ਪੁੱਤਰ ਦੁਕਾਨ ’ਤੇ ਹੀ ਮੌਜੂਦ ਸੀ। ਫਾਇਰਿੰਗ ਹੋਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਹਾਲੇ ਤੱਕ ਨਾ ਤਾਂ ਉਨ੍ਹਾਂ ਪਾਸੋਂ ਕਿਸੇ ਨੇ ਫਿਰੌਤੀ ਨੂੰ ਲੈ ਕੇ ਕੋਈ ਮੰਗ ਆਦਿ ਕੀਤੀ ਹੈ ਅਤੇ ਨਾ ਹੀ ਇਹੋ ਜਿਹਾ ਕੋਈ ਫੋਨ ਆਇਆ ਹੈ, ਜਿਸ ’ਚ ਉਨ੍ਹਾਂ ਕੋਲੋਂ ਫਰੋਤੀ ਮੰਗੀ ਗਈ ਹੋਵੇ।
ਉਨ੍ਹਾਂ ਦੀ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ। ਉਹ ਤਾਂ ਖੁਦ ਹੈਰਾਨ ਹਨ ਕਿ ਆਖਰ ਉਨ੍ਹਾਂ ਦੀ ਦੁਕਾਨ ’ਤੇ ਇਸ ਤਰ੍ਹਾਂ ਫਾਇਰਿੰਗ ਕਿਉਂ ਕੀਤੀ ਗਈ ਹੈ ਅਤੇ ਇੰਨੇ ਵੱਡੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦੇ ਪਿੱਛੇ ਕੌਣ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਗੋਲੀਆਂ ਆਖਰ ਕਿਉਂ ਚਲਾਈਆਂ ਗਈਆਂ ਹਨ ਅਤੇ ਇਸਦੇ ਪਿੱਛੇ ਕੀ ਮਕਸਦ ਰਿਹਾ ਹੈ।
ਐੱਸ. ਐੱਸ. ਪੀ. ਤੇ ਐੱਸ. ਪੀ. ਨੇ ਦਾਅਵਾ ਕੀਤਾ ਹੈ ਕਿ ਗੋਲੀਕਾਂਡ ਦੇ ਦੋਸ਼ੀਆਂ ਨੂੰ ਪੁਲਸ ਵੱਲੋਂ ਜਲਦ ਗ੍ਰਿਫਤਾਰ ਕਰ ਕੇ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ।
Read More : ਹੋਟਲ ’ਚ ਐੱਨ.ਆਰ.ਆਈ. ਵਿਆਹੁਤਾ ਦੀ ਮੌਤ
