ਨਵੀਂ ਦਿੱਲੀ, 25 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ ਜਗਤ ਅਤੇ ਸਟਾਰਟਅੱਪ ਨੂੰ ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਵਿਨਿਰਮਾਣ ’ਚ ਉੱਤਮਤਾ ਨੂੰ ਇਕ ਮਾਪਦੰਡ ਬਣਾਉਣ ਦਾ ਸੰਕਲਪ ਲੈਣ ਦਾ ਐਤਵਾਰ ਨੂੰ ਸੱਦਾ ਦਿੱਤਾ। ਮੋਦੀ ਨੇ ਰੇਡੀਓ ’ਤੇ ਪ੍ਰਸਾਰਿਤ ਆਪਣੇ ਮਹੀਨਾਵਾਰੀ ਪ੍ਰੋਗਰਾਮ ‘ਮਨ ਕੀ ਬਾਤ’ ’ਚ ਕਿਹਾ ਕਿ ਭਾਰਤੀ ਉਤਪਾਦ ਉੱਚ ਗੁਣਵੱਤਾ ਦੇ ਸਮਾਨਾਰਥੀ ਹੋਣੇ ਚਾਹੀਦੇ ਹਨ। ਉਨ੍ਹਾਂ ਉਦਯੋਗ ਜਗਤ ਨੂੰ ਅਜਿਹੇ ਉਤਪਾਦਾਂ ਦਾ ਨਿਰਮਾਣ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ’ਚ ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 130ਵੇਂ ‘ਮਨ ਕੀ ਬਾਤ’ ਸੰਬੋਧਨ ’ਚ ਕਿਹਾ, ‘‘ਅਸੀਂ ਜੋ ਕੁਝ ਵੀ ਤਿਆਰ ਕਰਦੇ ਹਾਂ, ਆਓ, ਉਸ ਦੀ ਗੁਣਵੱਤਾ ’ਚ ਸੁਧਾਰ ਕਰਨ ਦਾ ਸੰਕਲਪ ਲਈਏ। ਭਾਵੇਂ ਉਹ ਸਾਡੇ ਕੱਪੜੇ ਹੋਣ, ਟੈਕਨਾਲੋਜੀ ਹੋਵੇ, ਇਲੈਕਟ੍ਰਾਨਿਕ ਉਪਕਰਣ ਹੋਣ ਜਾਂ ਪੈਕੇਜਿੰਗ, ਹਰ ਭਾਰਤੀ ਉਤਪਾਦ ‘ਸਰਵੋਤਮ ਗੁਣਵੱਤਾ’ ਦਾ ਸਮਾਨਾਰਥੀ ਹੋਣਾ ਚਾਹੀਦਾ ਹੈ।’’ ਉਨ੍ਹਾਂ ਨੇ ਉਨ੍ਹਾਂ ਨੌਜਵਾਨਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ 10 ਸਾਲ ਪਹਿਲਾਂ 2016 ’ਚ ਸ਼ੁਰੂ ਹੋਈ ਭਾਰਤ ਦੀ ਸਟਾਰਟਅੱਪ ਯਾਤਰਾ ’ਚ ਉਤਸ਼ਾਹ ਨਾਲ ਭਾਗ ਲਿਆ।
ਮੋਦੀ ਨੇ ਕਿਹਾ, ‘‘ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋ-ਸਿਸਟਮ ਬਣ ਗਿਆ ਹੈ। ਇਹ ਸਟਾਰਟਅੱਪ ਆਮ ਸੋਚ ਤੋਂ ਹਟ ਕੇ ਕੰਮ ਕਰ ਰਹੇ ਹਨ; ਇਹ ਉਨ੍ਹਾਂ ਖੇਤਰਾਂ ’ਚ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਕਲਪਨਾ ਵੀ 10 ਸਾਲ ਪਹਿਲਾਂ ਤੱਕ ਨਹੀਂ ਕੀਤੀ ਜਾ ਸਕਦੀ ਸੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸਟਾਰਟਅੱਪ ਕੰਪਨੀਆਂ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ), ਪੁਲਾੜ, ਪ੍ਰਮਾਣੂ ਊਰਜਾ, ਸੈਮੀਕੰਡਕਟਰ, ਆਵਾਜਾਈ, ਹਰੀ ਹਾਈਡ੍ਰੋਜਨ ਅਤੇ ਬਾਇਓ ਟੈਕਨਾਲੋਜੀ ਵਰਗੇ ਵੱਖ-ਵੱਖ ਖੇਤਰਾਂ ’ਚ ਕੰਮ ਕਰ ਰਹੀਆਂ ਹਨ।
ਉਨ੍ਹਾਂ ਕਿਹਾ, ‘‘ਤੁਸੀਂ ਕਿਸੇ ਵੀ ਖੇਤਰ ਦਾ ਨਾਂ ਲਓ ਅਤੇ ਤੁਹਾਨੂੰ ਉਸ ਖੇਤਰ ’ਚ ਕੰਮ ਕਰਨ ਵਾਲਾ ਕੋਈ ਨਾ ਕੋਈ ਭਾਰਤੀ ਸਟਾਰਟਅੱਪ ਮਿਲ ਜਾਵੇਗਾ। ਮੈਂ ਆਪਣੇ ਉਨ੍ਹਾਂ ਸਾਰੇ ਨੌਜਵਾਨ ਦੋਸਤਾਂ ਨੂੰ ਸਲਾਮ ਕਰਦਾ ਹਾਂ ਜੋ ਕਿਸੇ ਨਾ ਕਿਸੇ ਸਟਾਰਟਅੱਪ ਨਾਲ ਜੁੜੇ ਹਨ ਜਾਂ ਆਪਣਾ ਖੁਦ ਦਾ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦੇ ਹਨ।’’ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਰਾਸ਼ਟਰੀ ਵੋਟਰ ਦਿਵਸ ਅਤੇ ਗਣਤੰਤਰ ਦਿਵਸ ਦੀਆਂ ਵੀ ਸ਼ੁੱਭਕਾਮਨਾਵਾਂ ਦਿੱਤੀਆਂ।
Read More : ਆਈ.ਜੀ. ਚਹਿਲ ਨਾਲ ਕਰੋੜਾਂ ਦੀ ਠੱਗੀ ਦੇ ਮਾਮਲੇ ’ਚ 3 ਹੋਰ ਗ੍ਰਿਫਤਾਰ
