India

ਭਾਰਤ ਨੇ ਟੈਸਟ ਸੀਰੀਜ਼ ਜਿੱਤੀ

ਦੂਜੇ ਟੈਸਟ ਮੈਚ ਵਿਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ,14 ਅਕਤੂਬਰ : ਅੱਜ ਨਵੀਂ ਦਿੱਲੀ ‘ਚ ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜੇ ਟੈਸਟ ਮੈਚ ਦੇ 5ਵੇਂ ਤੇ ਆਖ਼ਰੀ ਦਿਨ ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਵਲੋਂ ਮਿਲੇ 121 ਦੌੜਾਂ ਦੇ ਟੀਚੇ ਨੂੰ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।

ਇਸ ਦੌਰਾਨ ਭਾਰਤ ਨੇ ਸ਼ੁਭਮਨ ਗਿੱਲ ਦੀ ਕਪਤਾਨ ਵਿਚ ਪਹਿਲੀ ਟੈਸਟ ਸੀਰੀਜ਼ ਜਿੱਤੀ। ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਪਿਛਲੀ ਲੜੀ ਦੀ ਕਪਤਾਨੀ ਵਿਚ ਸੀਰੀਜ਼ 2-2 ਨਾਲ ਡਰਾਅ ‘ਤੇ ਖਤਮ ਹੋਈ। ਹੁਣ ਗਿੱਲ ਨੇ ਆਪਣੇ ਕਪਤਾਨੀ ਕਰੀਅਰ ਦੀ ਸ਼ੁਰੂਆਤ ਧਮਾਕੇਦਾਰ ਢੰਗ ਨਾਲ ਕੀਤੀ ਹੈ, ਵੈਸਟਇੰਡੀਜ਼ ਨੂੰ 2-0 ਨਾਲ ਹਰਾਇਆ।

ਦੱਸ ਦਈਏ ਕਿ ਭਾਰਤ ਵੱਲੋਂ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦਿਆਂ ਜੇਤੂ ਸ਼ਾਟ ਖੇਡਦੇ ਹੇਏ ਚੌਕਾ ਲਾ ਕੇ ਮੈਚ ਨੂੰ ਭਾਰਤ ਦੇ ਪੱਖ ਵਿਚ ਕਰ ਦਿਤਾ। ਰਾਹੁਲ 58 ਦੌੜਾਂ ਕੇ ਬਣਾ ਕੇ ਨਾਬਾਦ ਰਹੇ। ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 8 ਵਿਕਟਾਂ ਹਾਸਲ ਕਰਨ ਵਾਲੇ ਸਪਿੰਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ, ਜਦਕਿ ਪੂਰੀ ਲੜੀ ਵਿਚ ਗੇਂਦਬਾਜੀ ਨਾਲ ਤੇ ਸ਼ਾਨਦਾਰ ਸੈਂਕੜਾ ਲਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੂੰ ਪਲੇਅਰ ਆਫ਼ ਦੀ ਸਿਰੀਜ਼ ਚੁਣਿਆ ਗਿਆ।

ਭਾਰਤ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 518 ਦੌੜਾਂ ‘ਤੇ ਐਲਾਨ ਦਿੱਤੀ। ਜਵਾਬ ‘ਚ ਵੈਸਟਇੰਡੀਜ਼ 248 ਦੌੜਾਂ ‘ਤੇ ਆਊਟ ਹੋ ਗਈ। ਭਾਰਤ 270 ਦੌੜਾਂ ਨਾਲ ਅੱਗੇ ਸੀ। ਭਾਰਤ ਨੇ ਫਿਰ ਫਾਲੋ-ਆਨ ਲਾਗੂ ਕਰਨ ਦਾ ਫੈਸਲਾ ਕੀਤਾ ਅਤੇ ਵੈਸਟਇੰਡੀਜ਼ ਨੇ 390 ਦੌੜਾਂ ਨਾਲ ਜਵਾਬ ਦਿੱਤਾ। ਵੈਸਟਇੰਡੀਜ਼ ਦੀ ਕੁੱਲ ਲੀਡ 120 ਦੌੜਾਂ ਸੀ ਅਤੇ ਭਾਰਤ ਨੂੰ 121 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ, ਜਿਸਨੂੰ ਭਾਰਤ ਨੇ ਸਿਰਫ਼ ਤਿੰਨ ਵਿਕਟਾਂ ਗੁਆ ਕੇ ਪ੍ਰਾਪਤ ਕੀਤਾ।

ਜ਼ਿਕਰਯੋਗ ਹੈ ਕਿ ਅਹਿਮਦਾਬਾਦ ਵਿਖੇ ਹੋਏ ਪਹਿਲੇ ਟੈਸਟ ਵਿਚ ਭਾਰਤ ਨੇ ਵੈਸਟਇੰਡੀਜ਼ ਨੂੰ ਇਕ ਪਾਰੀ ਅਤੇ 140 ਦੌੜਾਂ ਨਾਲ ਹਰਾਇਆ ਸੀ।

Read More : ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ 3 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ : ਧਾਮੀ

Leave a Reply

Your email address will not be published. Required fields are marked *