ਭਾਰਤ ਵੱਡੀ ਜਿੱਤ ਨਾਲ ਫਾਈਨਲ ‘ਚ ਪੁੱਜਾ, ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 8-1 ਨਾਲ ਹਰਾਇਆ

ਮੋਹਾਲੀ 5 ਨਵੰਬਰ 2026: ਇੱਕ ਵਾਰ ਫਿਰ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਭਾਰਤ ਨੇ ਅੱਜ ਦੱਖਣੀ ਕੋਰੀਆ ਨੂੰ 8-1 ਨਾਲ ਹਰਾ ਕੇ ਸੈਮੀਫਾਈਨਲ ਦੇ ਇੱਕਪਾਸੜ ਮੁਕਾਬਲੇ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ।

ਅੱਜ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਮਾਣਮੱਤਾ ਗਵਾਹ ਬਣ ਗਿਆ।

ਇਹ ਪਹਿਲੀ ਵਾਰ ਸੀ ਜਦੋਂ ਸਟੇਡੀਅਮ ਨੇ ਇੱਕ ਅੰਤਰਰਾਸ਼ਟਰੀ ਮੈਚ ਦੀ ਮੇਜ਼ਬਾਨੀ ਕੀਤੀ ਅਤੇ ਖੇਡ ਜਗਤ ਦੇ ਆਲਮੀ ਨਕਸ਼ੇ ‘ਤੇ ਆਪਣੀ ਸ਼ਾਨਾਮੱਤੀ ਸ਼ੁਰੂਆਤ ਕਰਨ ਦਾ ਫ਼ਖਰ ਹਾਸਿਲ ਕੀਤਾ ।

ਇਸ ਮੌਕੇ ‘ਤੇ ਮੌਜੂਦ ਪਤਵੰਤਿਆਂ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਵਿਸ਼ਵ ਕੱਪ ਹਾਕੀ ਜੇਤੂ ਕਪਤਾਨ ਅਜੀਤਪਾਲ ਸਿੰਘ, ਅਸਲਮ ਸ਼ੇਰ ਖਾਨ, ਜ਼ਫਰ ਇਕਬਾਲ, ਓਲੰਪੀਅਨ ਬਲਬੀਰ ਸਿੰਘ ਰੰਧਾਵਾ, ਰਾਜਿੰਦਰ ਸਿੰਘ ਸੀਨੀਅਰ, ਰਾਣੀ ਰਾਮਪਾਲ,ਸਰਦਾਰ ਸਿੰਘ, ਬਲਜੀਤ ਸਿੰਘ ਢਿੱਲੋਂ, ਰਾਜਪਾਲ ਸਿੰਘ, ਪ੍ਰਭਜੋਤ ਸਿੰਘ, ਦੀਪਕ ਠਾਕੁਰ ਅਤੇ ਮਹਾਨ ਹਾਕੀ ਖਿਡਾਰੀ ਸਵਰਗੀ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਸ਼ਾਮਿਲ ਸਨ।

ਹੁਣ, ਭਾਰਤ 5 ਨਵੰਬਰ ਨੂੰ ਇਸੇ ਥਾਂ ‘ਤੇ ਹੋਣ ਵਾਲੇ ਫਾਈਨਲ ਵਿੱਚ ਜਾਪਾਨ ਨਾਲ ਭਿੜੇਗਾ।

ਸ਼ਿਲਾਨੰਦ ਲਾਕੜਾ ਨੇ ਸ਼ਾਨਦਾਰ ਢੰਗ ਨਾਲ਼ ਚੌਥੇ ਮਿੰਟ ਵਿੱਚ ਹੀ ਫੀਲਡ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਪਰ ਕੋਰੀਆਈ ਖਿਡਾਰੀਆਂ ਨੇ ਜ਼ਿਆਦਾ ਸਮਾਂ ਨਾ ਗਵਾਉਂਦਿਆ 9ਵੇਂ ਮਿੰਟ ਵਿੱਚ ਸੰਜੁਨ ਹਾਨ ਦੇ ਫੀਲਡ ਗੋਲ ਨਾਲ ਬਰਾਬਰੀ ਕਰ ਲਈ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਵੱਲੋਂ ਗੋਲਾਂ ਦੀ ਵਾਛੜ ਕਰ ਦਿੱਤੀ ਗਈ। ਕਪਤਾਨ ਹਰਮਨਪ੍ਰੀਤ ਸਿੰਘ ਨੇ 9ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਸ਼ਿਲਾਨੰਦ ਲਾਕੜਾ ਨੇ ਵੀ 13ਵੇਂ ਮਿੰਟ ਵਿੱਚ ਪੈਨੇਲਟੀ ਕਾਰਨਰ ਰਾਹੀਂ ਗੋਲ ਕੀਤਾ, ਸੁਖਜੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ 21ਵੇਂ ਮਿੰਟ ਵਿੱਚ ਫ਼ੀਲਡ ਗੋਲ ਕੀਤੇ। ਸਿਰਫ਼ ਚਾਰ ਮਿੰਟ ਬਾਅਦ 25ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਫਿਰ ਫੀਲਡ ਗੋਲ ਕਰਕੇ ਸਕੋਰ 6-1 ਕਰ ਦਿੱਤਾ। ਫਿਰ 36ਵੇਂ ਮਿੰਟ ਵਿੱਚ ਅੰਗਦ ਬੀਰ ਸਿੰਘ ਨੇ ਫੀਲਡ ਗੋਲ ਕਰਕੇ ਸਕੋਰ 7-1 ਤੇ ਪਹੁੰਚਾ ਦਿੱਤਾ। 54ਵੇਂ ਮਿੰਟ ਵਿੱਚ ਵਿਵੇਕ ਸਾਗਰ ਪ੍ਰਸਾਦ ਨੇ 8ਵਾਂ ਫ਼ੀਲਡ ਗੋਲ ਕਰਕੇ ਸਕੋਰ 8-1 ਕਰ ਦਿੱਤਾ।

ਇੱਕ ਹੋਰ ਦਿਲਚਸਪ ਸੈਮੀਫਾਈਨਲ ਵਿੱਚ ਜਾਪਾਨ ਅਤੇ ਮਲੇਸ਼ੀਆ ਦੋਵਾਂ ਨੇ ਬੜੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ, ਪੂਰੇ ਸਮੇਂ ਦੌਰਾਨ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਅਖੀਰ,ਪੈਨੇਲਟੀ ਸ਼ੂਟਆਊਟ ਵਿੱਚ ਜਾਪਾਨ ਨੇ ਮਲੇਸ਼ੀਆ ਨੂੰ 5-3 ਨਾਲ ਪਛਾੜ ਦਿੱਤਾ ।

ਜਾਪਾਨ ਲਈ ਕਾਜ਼ੂਮਾਸਾ ਮਾਤਸੁਮੋਟੋ, ਰਯੋਮਾ ਓਓਕਾ, ਸੁਬਾਸਾ ਤਨਾਕਾ, ਹਾਰੂਕੀ ਓਚਾਈ ਅਤੇ ਸੇਰੇਨ ਤਨਾਕਾ ਨੇ ਗੋਲ ਦਾਗੇ ।

ਮਲੇਸ਼ੀਆ ਲਈ ਏਮਾਨ ਰੋਜ਼ੇਮੀ, ਸ਼ੈਲੋ ਸਿਲਵਰੀਅਸ ਅਤੇ ਅਬੂ ਕਮਾਲ ਅਜ਼ਰਾਈ ਨੇ ਗੋਲ ਕੀਤੇ।

ਇਸ ਤੋਂ ਪਹਿਲਾਂ, ਚੀਨ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਟੂਰਨਾਮੈਂਟ ਵਿੱਚ 5ਵਾਂ ਸਥਾਨ ਹਾਸਿਲ ਕੀਤਾ ਸੀ । ਚੀਨ ਲਈ, ਯੂਲਾਈ ਝਾਓ ਨੇ 10ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਸਕੋਰ ਲਾਈਨ ਖੋਲ੍ਹੀ। ਫਿਰ ਯਾਕੀ ਵਾਂਗ ਨੇ 18ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ ਅਤੇ ਚੀਨੀ ਕਪਤਾਨ ਚੋਂਗਕੋਂਗ ਚੇਨ ਨੇ 22ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਰਾਹੀਂ ਗੇਂਦ ਵਿਰੋਧੀ ਟੀਮ ਦੀ ਗੋਲ ਪੋਸਟ ਵਿੱਚ ਪਹੁੰਚਾ ਦਿੱਤੀ । ਬੰਗਲਾਦੇਸ਼ ਲਈ ਇੱਕੋ- ਇੱਕ ਗੋਲ 48ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨਾਲ ਹੋਇਆ ਜੋ ਕਿ ਸ਼ੋਹਾਨੂਰ ਮੁਹੰਮਦ ਰਹਿਮਾਨ ਵੱਲੋਂ ਕੀਤਾ ਗਿਆ ।

Read More: ਈਡੀ ਨੇ ਆਪ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਛਾਪਾ ਮਾਰਿਆ

Leave a Reply

Your email address will not be published. Required fields are marked *