ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਕੀਤਾ ਖੁਲਾਸਾ—ਸਹੁਰੇ ਦੇ ਘਰ ਸੁੱਟਣਾ ਸੀ ਬੰਬ, ਗਲਤੀ ਨਾਲ ਗੁਆਂਢੀ ਦੇ ਮਕਾਨ ’ਚ ਸੁੱਟਿਆ
ਸੰਗਰੂਰ, 24 ਅਪ੍ਰੈਲ : ਸੰਗਰੂਰ ਦੇ ਜ਼ਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਹੈ ਕਿ ਜ਼ਿਲਾ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਿਸ ਨੇ ਧੂਰੀ ਵਿਖੇ ਰਿਹਾਇਸ਼ੀ ਮਕਾਨ ’ਚ ਕੱਚ ਦੀ ਬੋਤਲ ’ਚ ਪੈਟਰੋਲ ਪਾ ਕੇ ਅੱਗ ਲਗਾ ਕੇ ਸੁੱਟਣ ਵਾਲੀ ਵਾਰਦਾਤ ਹੱਲ ਕਰ ਲਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਸਿਟੀ ਧੂਰੀ ਦੇ ਏਰੀਏ ’ਚ ਵਾਰਦਾਤ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਚਾਹਲ ਨੇ ਦੱਸਿਆ ਕਿ 20 ਅਪ੍ਰੈਲ 2026 ਨੂੰ ਰਾਤ ਕਰੀਬ 11 ਵਜੇ 3 ਅਣਪਛਾਤਿਆਂ ਨੇ ਦਰਸ਼ਨ ਕੁਮਾਰ ਵਾਸੀ ਧੂਰੀ ਦੇ ਮਕਾਨ ਅੰਦਰ ਪੈਟਰੋਲ ਬੰਬ ਸੁੱਟਿਆ ਸੀ। ਇਸ ਮਾਮਲੇ ਨੂੰ ਹੱਲ ਕਰਨ ਲਈ ਐੱਸ.ਪੀ. (ਜਾਂਚ) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਡੀ.ਐੱਸ.ਪੀ. ਧੂਰੀ ਗੁਰਪ੍ਰੀਤ ਸਿੰਘ ਅਤੇ ਡੀ.ਐੱਸ.ਪੀ. (ਡਿਟੈਕਟਿਵ) ਸੰਜੀਵ ਸਿੰਗਲਾ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਗਈਆਂ ਸਨ।
ਤਫਤੀਸ਼ ਦੌਰਾਨ ਪੁਲਿਸ ਨੇ ਦੋਸ਼ੀਆਂ—ਵੰਸ਼ ਉਰਫ ਕਾਲੀ, ਸਮੀਰ ਉਰਫ ਕਾਕਾ ਅਤੇ ਸਮੀਰ ਉਰਫ ਪੋਪੀ (ਵਾਸੀਆਨ ਨੇੜੇ ਬੱਸ ਸਟੈਂਡ, ਧੂਰੀ) ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ’ਚ ਸਾਹਮਣੇ ਆਇਆ ਕਿ ਰੋਹਿਤ ਉਰਫ ਘੋੜਾ ਨਾਮੀ ਵਿਅਕਤੀ ਨੇ ਆਪਣੇ ਸਹੁਰੇ ਰਣਜੀਤ ਸਿੰਘ ਦੇ ਮਕਾਨ ਅੰਦਰ ਪੈਟਰੋਲ ਬੰਬ ਸੁੱਟਣ ਲਈ ਕਿਹਾ ਸੀ, ਪ੍ਰੰਤੂ ਦੋਸ਼ੀਆਂ ਨੇ ਗਲਤੀ ਨਾਲ ਗੁਆਂਢੀ ਦਰਸ਼ਨ ਕੁਮਾਰ ਦੇ ਮਕਾਨ ਅੰਦਰ ਅੱਗ ਲਗਾ ਕੇ ਬੋਤਲ ਸੁੱਟ ਦਿੱਤੀ।
ਪੁਲਿਸ ਮੁਤਾਬਕ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Read More : ‘ਆਪ’ ਦੇ 7 ਸੰਸਦ ਮੈਂਬਰਾਂ ਦੇ ਭਾਜਪਾ ‘ਚ ਜਾਣ ‘ਤੇ ਸੀ.ਐੱਮ. ਭਗਵੰਤ ਮਾਨ ਦਾ ਤਿੱਖਾ ਵਾਰ
