ਪੀ.ਐੱਮ. ਸੀ.ਐੱਮ. ਮੀਟਿੰਗ

ਪੱਛਮੀ ਏਸ਼ੀਆ ਜੰਗ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਅਹਿਮ ਬੈਠਕ

‘ਟੀਮ ਇੰਡੀਆ’ ਦੇ ਜਜ਼ਬੇ ਨਾਲ ਰਾਜਾਂ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ; ਕਈ ਸੂਬਿਆਂ ਦੇ ਮੁੱਖ ਮੰਤਰੀ ਹੋਏ ਸ਼ਾਮਲ

ਨਵੀਂ ਦਿੱਲੀ, 27 ਮਾਰਚ : ਪੱਛਮੀ ਏਸ਼ੀਆ ਵਿਚ ਚੱਲ ਰਹੇ ਜੰਗ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਕਈ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਸੂਬਿਆਂ ਦੀ ਤਿਆਰੀ ਦੀ ਸਮੀਖਿਆ ਕਰਨਾ ਅਤੇ ‘ਟੀਮ ਇੰਡੀਆ’ ਦਾ ਜਜ਼ਬਾ ਰੱਖ ਕੇ ਸਾਂਝੇ ਯਤਨ ਕਰਨ ਲਈ ਕਹਿਣਾ ਸੀ।

ਇਹ ਪਹਿਲੀ ਵਾਰ ਸੀ ਕਿ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਇਸ ਸੰਘਰਸ਼ ’ਤੇ ਵਿਸ਼ੇਸ਼ ਗੱਲਬਾਤ ਕੀਤੀ। 28 ਫ਼ਰਵਰੀ ਨੂੰ ਅਮਰੀਕਾ-ਇਜ਼ਰਾਇਲ ਵੱਲੋਂ ਇਰਾਨ ’ਤੇ ਹਮਲੇ ਤੋਂ ਬਾਅਦ ਇਹ ਜੰਗ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਇਰਾਨ ਨੇ ਵੀ ਖਾੜੀ ਦੇਸ਼ਾਂ ਅਤੇ ਇਜ਼ਰਾਇਲ ’ਤੇ ਜਵਾਬੀ ਕਾਰਵਾਈ ਕੀਤੀ।

ਮੀਟਿੰਗ ਵਿਚ ਆਂਧਰ ਪ੍ਰਦੇਸ਼ ਦੇ ਐਨ. ਚੰਦਰਬਾਬੂ ਨਾਇਡੂ, ਉੱਤਰ ਪ੍ਰਦੇਸ਼ ਦੇ ਯੋਗੀ ਆਦਿਤਿਆਨਾਥ, ਪੰਜਾਬ ਦੇ ਭਗਵੰਤ ਮਾਨ, ਗੁਜਰਾਤ ਦੇ ਭੁਪੇਂਦਰ ਪਟੇਲ, ਜੰਮੂ-ਕਸ਼ਮੀਰ ਦੇ ਉਮਰ ਅਬਦੁੱਲਾ, ਤੇਲੰਗਾਨਾ ਦੇ ਰੇਵੰਥ ਰੈੱਡੀ, ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸਿੰਘ ਸੁੱਖੂ ਅਤੇ ਅਰੁਣਾਂਚਲ ਪ੍ਰਦੇਸ਼ ਦੇ ਪੇਮਾ ਖਾਂਡੂ ਸਮੇਤ ਕਈ ਮੁੱਖ ਮੰਤਰੀ ਸ਼ਾਮਲ ਹੋਏ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।

ਇਕ ਸਰਕਾਰੀ ਸੂਤਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕੀਤੀ ਅਤੇ ਸੂਬਿਆਂ ਦੀ ਤਿਆਰੀ ਦੀ ਸਮੀਖਿਆ ਕੀਤੀ। ਮੀਟਿੰਗ ਦਾ ਧਿਆਨ ‘ਟੀਮ ਇੰਡੀਆ’ ਦੇ ਜਜ਼ਬੇ ਨਾਲ ਯਤਨਾਂ ਦੇ ਸਹਿਯੋਗ ’ਤੇ ਸੀ।’’ ਚੋਣਾਂ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਕਾਰਨ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਕੀਤਾ ਗਿਆ, ਉਨ੍ਹਾਂ ਦੇ ਮੁੱਖ ਸਕੱਤਰਾਂ ਨਾਲ ਵੱਖਰੀ ਮੀਟਿੰਗ ਕੀਤੀ ਜਾਵੇਗੀ।

ਲੋਕ ਸਭਾ ਵਿਚ 23 ਮਾਰਚ ਨੂੰ ਦਿੱਤੇ ਬਿਆਨ ਵਿਚ ਮੋਦੀ ਨੇ ਕਿਹਾ ਸੀ ਕਿ ਇਹ ਸੰਘਰਸ਼ ਲੰਮੇ ਸਮੇਂ ਤੱਕ ਚੱਲ ਸਕਦਾ ਹੈ ਅਤੇ ਦੇਸ਼ ਨੂੰ ਇਕੱਠੇ ਰਹਿਣ ਦੀ ਲੋੜ ਹੈ। ਅੱਜ ਦੀ ਇਸ ਮੀਟਿੰਗ ਨੇ ਸਪੱਸ਼ਟ ਕੀਤਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਹੀ ਇਸ ਸੰਘਰਸ਼ ਦੇ ਪ੍ਰਭਾਵਾਂ ਨਾਲ ਨਜਿੱਠ ਸਕਦੀਆਂ ਹਨ।

Read More : ਸ੍ਰੀਨਗਰ-ਲੇਹ ਹਾਈਵੇਅ ‘ਤੇ ਬਰਫ਼ੀਲੇ ਤੋਦੇ ਡਿੱਗਣ ਕਾਰਨ 7 ਮੌਤਾਂ, 5 ਜ਼ਖ਼ਮੀ

Leave a Reply

Your email address will not be published. Required fields are marked *