ਬਠਿੰਡਾ, 23 ਅਗਸਤ :- ਸ਼ਨੀਵਾਰ ਸਵੇਰੇ ਸ਼ਹਿਰ ’ਚ ਦਹਿਸ਼ਤ ਬਣ ਚੁੱਕੇ ਲੁਟੇਰਿਆਂ ਅਤੇ ਪੁਲਸ ਵਿਚਕਾਰ ਫਿਲਮੀ ਮੁਕਾਬਲਾ ਹੋਇਆ। ਗੋਲੀਆਂ ਦੀ ਆਵਾਜ਼ ਕਾਰਨ ਬਹਿਮਣ ਨਹਿਰ ਪੁਲ ਦਾ ਇਲਾਕਾ ਕੁਝ ਸਮੇਂ ਲਈ ਜੰਗ ਦੇ ਮੈਦਾਨ ਵਿਚ ਬਦਲ ਗਿਆ। ਪੁਲਸ ਦੀ ਜਵਾਬੀ ਕਾਰਵਾਈ ਵਿਚ ਇਕ ਲੁਟੇਰਾ ਗੋਲੀ ਨਾਲ ਜ਼ਖਮੀ ਹੋ ਗਿਆ, ਜਦੋਂ ਕਿ ਉਸ ਦਾ ਸਾਥੀ ਵੀ ਫੜਿਆ ਗਿਆ। ਦੋਵਾਂ ਤੋਂ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਪੁਲਸ ਸੂਤਰਾਂ ਅਨੁਸਾਰ ਇਹ ਉਹੀ ਦੋ ਲੁਟੇਰੇ ਹਨ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਥਾਣਾ ਕੋਤਵਾਲੀ ਖੇਤਰ ਵਿਚ ਦੋ ਔਰਤਾਂ ਤੋਂ ਪਰਸ ਖੋਹ ਕੇ ਸਨਸਨੀ ਫੈਲਾ ਦਿੱਤੀ ਸੀ। ਘਟਨਾ ਦੌਰਾਨ ਕਿਰਨ ਬਾਲਾ ਨਾਂ ਦੀ ਇਕ ਔਰਤ ਸੜਕ ’ਤੇ ਡਿੱਗ ਪਈ ਅਤੇ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਇਸ ਘਟਨਾ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਸੀ। ਸ਼ਨੀਵਾਰ ਸਵੇਰੇ ਜਿਵੇਂ ਹੀ ਪੁਲਸ ਨੂੰ ਠੋਸ ਸੂਚਨਾ ਮਿਲੀ ਕਿ ਦੋਵੇਂ ਲੁਟੇਰੇ ਬਹਿਮਣ ਨਹਿਰ ਪੁਲ ਨੇੜੇ ਘੁੰਮ ਰਹੇ ਹਨ, ਇਕ ਟੀਮ ਤੁਰੰਤ ਉੱਥੇ ਪਹੁੰਚ ਗਈ।
ਪੁਲਸ ਨੂੰ ਦੇਖ ਕੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੋਟਰਸਾਈਕਲ ਦੇ ਪਿੱਛੇ ਬੈਠੇ ਅਮਨਪ੍ਰੀਤ ਸਿੰਘ, ਜੋ ਕਿ ਫੁੱਲੋਮਿੱਠੀ ਦਾ ਰਹਿਣ ਵਾਲਾ ਹੈ ਨੇ ਅਚਾਨਕ ਆਪਣਾ ਪਿਸਤੌਲ ਕੱਢਿਆ ਅਤੇ ਪੁਲਸ ’ਤੇ ਗੋਲੀ ਚਲਾ ਦਿੱਤੀ। ਖੁਸ਼ਕਿਸਮਤੀ ਨਾਲ ਗੋਲੀ ਕਿਸੇ ਵੀ ਸਿਪਾਹੀ ਨੂੰ ਨਹੀਂ ਲੱਗੀ ਪਰ ਜਵਾਬੀ ਕਾਰਵਾਈ ਵਿਚ ਪੁਲਸ ਨੇ ਵੀ ਟਰਿੱਗਰ ਦਬਾ ਦਿੱਤਾ ਅਤੇ ਅਮਨਪ੍ਰੀਤ ਨੂੰ ਗੋਲੀ ਲੱਗ ਗਈ। ਕੁਝ ਸਕਿੰਟਾਂ ’ਚ ਉਸ ਦਾ ਸਾਥੀ ਅਮਨਦੀਪ ਸਿੰਘ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਹੈ ਨੂੰ ਵੀ ਪੁਲਸ ਨੇ ਫੜ ਲਿਆ।
ਪੁਲਸ ਨੇ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ 9 ਐੱਮ. ਐੱਮ. ਪਿਸਤੌਲ, ਕਾਰਤੂਸ ਅਤੇ ਮੋਟਰਸਾਈਕਲ ਜ਼ਬਤ ਕਰ ਲਿਆ। ਜ਼ਖਮੀ ਅਮਨਪ੍ਰੀਤ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਦੋਵਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਕਿਹਾ ਕਿ ਦੋਵੇਂ ਮੁਲਜ਼ਮਾਂ ’ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ’ਚ ਅਪਰਾਧਿਕ ਮਾਮਲਾ ਦਰਜ ਹੈ, ਜਦੋਂ ਕਿ ਉਨ੍ਹਾਂ ਦੇ ਹੋਰ ਅਪਰਾਧਿਕ ਰਿਕਾਰਡਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Read More : ਪੁਲਿਸ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਕਾਫਲੇ ਨੂੰ ਰਸਤੇ ‘ਚ ਰੋਕਿਆ