ਕਿਹਾ- ਭਾਈ ਸੰਦੀਪ ਸਿੰਘ ਦੇ ਪਰਿਵਾਰ ਅਤੇ ਵਕੀਲਾਂ ਨੂੰ ਉਸ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇ
ਅੰਮ੍ਰਿਤਸਰ, 17 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਜ਼ੇਲ ਪ੍ਰਸ਼ਾਸਨ ਵਲੋਂ ਭਾਈ ਸੰਦੀਪ ਸਿੰਘ ਸੰਨੀ ਨਾਲ ਕੀਤੀ ਗਈ ਵਧੀਕੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਲ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਬੇਹੱਦ ਦੁੱਖਦਾਈ ਅਤੇ ਬੇਇਨਸ਼ਾਫੀ ਵਾਲਾ ਹੈ।
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ’ਚ ਐਡਵੋਕੇਟ ਧਾਮੀ ਨੇ ਕਿਹਾ ਕਿ ਜ਼ੇਲ ’ਚ ਹੋਏ ਝਗੜੇ ਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਭਾਈ ਸੰਦੀਪ ਸਿੰਘ ਦੀ ਮਾਰਕੁਟਾਈ ਕਰਨਾ ਅਤੇ ਉਸ ਦੇ ਪਰਿਵਾਰ ਨੂੰ ਵੀ ਉਸ ਨਾਲ ਮਿਲਣ ਨਾ ਦੇਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਨਸਾਫ ਦੇਣ ਦੀ ਬਜਾਏ ਭਾਈ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਸੰਗਰੂਰ ਜੇਲ ’ਚ ਤਬਦੀਲ ਕਰ ਦਿੱਤਾ, ਜਦਕਿ ਅਦਾਲਤ ਵਲੋਂ ਕੀਤੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ।
ਐਡਵੋਕੇਟ ਧਾਮੀ ਨੇ ਕਿਹਾ ਕਿ ਅਦਾਲਤ ਨੇ ਭਾਈ ਸੰਦੀਪ ਸਿੰਘ ਦਾ ਰਾਜਿੰਦਰਾ ਹਸਪਤਾਲ ਤੋਂ ਮੈਡੀਕਲ ਕਰਵਾਉਣ ਦਾ ਆਦੇਸ਼ ਕੀਤਾ ਸੀ, ਜਿਸ ਨੂੰ ਵੀ ਲਾਗੂ ਨਹੀਂ ਕੀਤਾ ਗਿਆ। ਭਾਈ ਸੰਦੀਪ ਸਿੰਘ ਨੂੰ ਨਾ ਤਾਂ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਕੀਲਾਂ ਨਾਲ ਮੁਲਾਕਾਤ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਕਈ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਭਾਈ ਸੰਦੀਪ ਸਿੰਘ ਖਿਲਾਫ ਕੇਸ ਦਰਜ ਕਰ ਕੇ ਝੂਠੇ ਪੁਲਸ ਮੁਕਾਬਲਿਆਂ ਦੇ ਦੋਸ਼ ’ਚ ਸਜ਼ਾ ਕੱਟ ਰਹੇ ਪੁਲਸ ਵਾਲਿਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ। ਜੇਕਰ ਭਾਈ ਸੰਦੀਪ ਸਿੰਘ ਦਾ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਜ਼ੇਲ ਪ੍ਰਸ਼ਾਸਨ ਦੀ ਹੋਵੇਗੀ।
ਉਨ੍ਹਾਂ ਮੰਗ ਕੀਤੀ ਕਿ ਭਾਈ ਸੰਦੀਪ ਸਿੰਘ ਦੇ ਪਰਿਵਾਰ ਅਤੇ ਵਕੀਲਾਂ ਨੂੰ ਤੁਰੰਤ ਉਸ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਪਰਿਵਾਰ ਨੂੰ ਉਸ ਬਾਰੇ ਸਹੀ ਜਾਣਕਾਰੀ ਮਿਲ ਸਕੇ।
Read More : ਜ਼ਿਲਾ ਸੰਗਰੂਰ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ