ਇਸਲਾਮਾਬਾਦ ਹਾਈ ਕੋਰਟ ਨੇ ਜਸਟਿਸ ਤਾਰਿਕ ਜਹਾਂਗੀਰੀ ਨੂੰ ਅਹੁਦੇ ਤੋਂ ਹਟਾਇਆ
ਇਸਲਾਮਾਬਾਦ, 24 ਫਰਵਰੀ : ਪਾਕਿਸਤਾਨ ਦੀ ਨਿਆਂਪਾਲਿਕਾ ’ਚ ਇਕ ਅਜਿਹਾ ਫ਼ਰਜ਼ੀਵਾੜਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਿਨਾਂ ਕਿਸੇ ਕਾਨੂੰਨੀ ਡਿਗਰੀ (ਐੱਲ. ਐੱਲ. ਬੀ.) ਦੇ ਇਕ ਵਿਅਕਤੀ ਨੇ ਨਾ ਸਿਰਫ਼ ਵਕਾਲਤ ਕੀਤੀ, ਸਗੋਂ 30 ਸਾਲ ਤੱਕ ਜੱਜ ਵਜੋਂ ਸੇਵਾ ਨਿਭਾਈ ਅਤੇ ਪਿਛਲੇ ਪੰਜ ਸਾਲਾਂ ਤੋਂ ਇਸਲਾਮਾਬਾਦ ਹਾਈ ਕੋਰਟ ’ਚ ਅਹਿਮ ਫੈਸਲੇ ਵੀ ਸੁਣਾਏ। ਅੱਜ ਅਦਾਲਤ ਨੇ ਇਕ ਇਤਿਹਾਸਕ ਫੈਸਲੇ ਰਾਹੀਂ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ।
ਇੰਝ ਖੁੱਲ੍ਹਿਆ 30 ਸਾਲ ਪੁਰਾਣਾ ਰਾਜ
ਚੀਫ ਜਸਟਿਸ ਸਰਦਾਰ ਮੁਹੰਮਦ ਸਰਫਰਾਜ਼ ਡੋਗਰ ਅਤੇ ਜਸਟਿਸ ਮੁਹੰਮਦ ਆਜ਼ਮ ਖਾਨ ਦੀ ਬੈਂਚ ਨੇ 116 ਪੰਨਿਆਂ ਦੇ ਫੈਸਲੇ ’ਚ ਦੱਸਿਆ ਕਿ ਜਹਾਂਗੀਰੀ ਦੀ ਕਾਨੂੰਨ ਦੀ ਡਿਗਰੀ ਸ਼ੁਰੂ ਤੋਂ ਹੀ ਜਾਅਲੀ ਸੀ। ਕਰਾਚੀ ਯੂਨੀਵਰਸਿਟੀ ਦੇ ਰਿਕਾਰਡ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਨੇ ਦੂਜੇ ਵਿਦਿਆਰਥੀਆਂ ਦੇ ਦਾਖਲਾ ਨੰਬਰਾਂ ਦੀ ਵਰਤੋਂ ਕਰ ਕੇ ਪ੍ਰੀਖਿਆਵਾਂ ਦਿੱਤੀਆਂ ਸਨ। 1989 ’ਚ ਯੂਨੀਵਰਸਿਟੀ ਨੇ ਉਸ ਨੂੰ ਧੋਖਾਧੜੀ ਕਰਦੇ ਫੜਿਆ ਸੀ ਅਤੇ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਸੀ, ਪਰ ਉਹ 1990 ’ਚ ਦੂਜੇ ਨਾਂ ਹੇਠ ਫਿਰ ਪੇਸ਼ ਹੋ ਗਿਆ।
ਅਦਾਲਤੀ ਕਾਰਵਾਈ ਅਤੇ ਬੈਂਚ ਹੰਟਿੰਗ
ਦੋਸ਼ੀ ਜੱਜ ਨੂੰ 30 ਦਸੰਬਰ 2020 ਨੂੰ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਦੋਂ 2024 ’ਚ ਇਹ ਮਾਮਲਾ ਸਾਹਮਣੇ ਆਇਆ, ਤਾਂ ਸਤੰਬਰ 2025 ਵਿਚ ਉਸ ਨੂੰ ਕੰਮ ਕਰਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਅਦਾਲਤ ਨੇ ਨੋਟ ਕੀਤਾ ਕਿ ਜਹਾਂਗੀਰੀ ਨੂੰ ਆਪਣੇ ਪੱਖ ’ਚ ਅਸਲ ਦਸਤਾਵੇਜ਼ ਪੇਸ਼ ਕਰਨ ਦੇ ਕਈ ਮੌਕੇ ਦਿੱਤੇ ਗਏ ਪਰ ਉਸ ਨੇ ਸਬੂਤ ਦੇਣ ਦੀ ਬਜਾਏ ਕੇਸ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ ਉਸ ਦੀਆਂ ਵੱਖ-ਵੱਖ ਬੈਂਚਾਂ ਬਦਲਣ ਦੀਆਂ ਮੰਗਾਂ ਨੂੰ ‘ਬੈਂਚ ਹੰਟਿੰਗ’ ਕਰਾਰ ਦਿੱਤਾ।
ਇਸਲਾਮੀਆ ਲਾਅ ਕਾਲਜ ਦੇ ਪ੍ਰਿੰਸੀਪਲ ਨੇ ਵੀ ਪੁਸ਼ਟੀ ਕੀਤੀ ਕਿ ਜਹਾਂਗੀਰੀ ਨੇ ਕਦੇ ਉੱਥੇ ਦਾਖਲਾ ਹੀ ਨਹੀਂ ਲਿਆ ਸੀ। ਇਸ ਖ਼ੁਲਾਸੇ ਤੋਂ ਬਾਅਦ ਪਾਕਿਸਤਾਨੀ ਕਾਨੂੰਨੀ ਹਲਕਿਆਂ ’ਚ ਹੜਕੰਪ ਮਚਿਆ ਹੋਇਆ ਹੈ।
Read More : ਪੁਲਸ ਮੁਲਾਜ਼ਮ ਕਤਲਕਾਂਡ: ਖੁਫ਼ੀਆ ਏਜੰਸੀਆਂ ਵੱਲੋਂ ਜਾਂਚ ਤੇਜ਼, ਗੈਂਗਸਟਰਾਂ ਵਿਚਾਲੇ ਛਿੜੀ ਸ਼ਬਦੀ ਜੰਗ
