ਧਾਡਿੰਗ , 23 ਫਰਵਰੀ : ਨੇਪਾਲ ਦੇ ਧਾਡਿੰਗ ਜ਼ਿਲ੍ਹੇ ਵਿੱਚ ਅੱਜ ਤੜਕਸਾਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪੋਖਰਾ ਤੋਂ ਕਾਠਮੰਡੂ ਜਾ ਰਹੀ ਇੱਕ ਯਾਤਰੀ ਬੱਸ ਬੇਨੀਘਾਟ ਰੋਰੰਗ ਖੇਤਰ ਵਿੱਚ ਬੇਕਾਬੂ ਹੋ ਕੇ ਤ੍ਰਿਸ਼ੂਲੀ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 27 ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਲਗਭਗ 1:30 ਵਜੇ ਵਾਪਰਿਆ ਜਦੋਂ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮ੍ਰਿਤਕਾਂ ਵਿੱਚ ਦੋ ਵਿਦੇਸ਼ੀ ਨਾਗਰਿਕ (ਇੱਕ ਪੁਰਸ਼ ਅਤੇ ਇੱਕ ਔਰਤ) ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੌਮੀਅਤ ਦੀ ਪਛਾਣ ਅਜੇ ਹੋਣੀ ਬਾਕੀ ਹੈ।
ਇਸ ਹਾਦਸੇ ਸਮੇਂ ਬੱਸ ਵਿਚ 40 ਤੋਂ ਵੱਧ ਸਵਾਰੀਆਂ ਮੌਜੂਦ ਸਨ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ 27 ਲੋਕਾਂ ਨੂੰ ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਬਚਾ ਕੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਹਾਦਸੇ ਦਾ ਕਾਰਨ ਡਰਾਈਵਰ ਦਾ ਸੰਤੁਲਨ ਵਿਗੜਨਾ ਦੱਸਿਆ ਜਾ ਰਿਹਾ ਹੈ, ਪਰ ਪੁਲਿਸ ਹੋਰ ਸੰਭਾਵਿਤ ਤਕਨੀਕੀ ਕਾਰਨਾਂ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Read More : ਸੁਪਰ-8 ਮੁਕਾਬਲੇ ਵਿਚ ਇੰਗਲੈਂਡ ਦੀ ਸ਼ਾਨਦਾਰ ਜਿੱਤ; ਸ਼੍ਰੀਲੰਕਾ ਨੂੰ 51 ਦੌੜਾਂ ਨਾਲ ਹਰਾਇਆ
