ਸ਼ਹਿਰ ਵਾਸੀਆਂ ਨੇ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਕੀਤੀ ਮੰਗ
ਸਮਾਣਾ, 16 ਜੂਨ :- 7 ਮਈ ਨੂੰ ਸਮਾਣਾ-ਪਟਿਆਲਾ ਸੜਕ ’ਤੇ ਵਾਪਰੇ ਦਰਦਨਾਕ ਹਾਦਸੇ ’ਚ ਚਾਲਕ ਅਤੇ ਸੱਤ ਮਾਸੂਮ ਬੱਚਿਆਂ ਦੀ ਹੋਈ ਮੌਤ ਤੋਂ ਬਾਅਦ ਦੁੱਖ ਵੰਡਾਉਣ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ਨੂੰ ਅਪਗ੍ਰੇਡ ਕਰਨ ਤੇ ਬੱਚਿਆਂ ਦੀ ਯਾਦ ’ਚ ਸੱਤ ਐਂਬੂਲੈਂਸਾਂ ਭੇਜਣ ਦਾ ਵਾਅਦਾ ਕੀਤਾ ਸੀ, ਤਾਂ ਕਿ ਇਲਾਕੇ ’ਚ ਅੱਗੇ ਤੋਂ ਅਜਿਹੀ ਕੋਈ ਦੁਰਘਟਨਾ ਨਾਂ ਵਾਪਰੇ।
ਸੋਮਵਾਰ ਸਵੇਰੇ ਸੱਤ ਐਂਬੂਲੈਂਸਾਂ ਸ਼੍ਰੀ ਅਗਰਵਾਲ ਗਊਸ਼ਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ, ਜਿਨ੍ਹਾਂ ਨੂੰ ਬੱਚਿਆਂ ਦੇ ਮਾਪਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਰਿਚਾ ਗੋਇਲ ਨੇ ਦੱਸਿਆ ਕਿ 50 ਕਿਲੋਮੀਟਰ ਦੇ ਏਰੀਏ ਨੂੰ ਸਮਾਣਾ ਦਾ ਸਿਵਲ ਹਸਪਤਾਲ ਹੀ ਪੈਂਦਾ ਹੈ। ਇਸ ਏਰੀਏ ’ਚ ਸਕੂਲ-ਕਾਲਜ ਤੇ ਉਦਯੋਗ ਬਹੁਤ ਤਾਦਾਦ ’ਚ ਲੱਗੇ ਹੋਏ ਹਨ, ਜਿਸ ਕਰ ਕੇ ਇਸ ਸੜਕ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ। ਇਸ ਕਰ ਕੇ ਹਸਪਤਾਲ ’ਚ ਐਂਬੂਲੈਂਸਾ ਦੀ ਜ਼ਰੂਰਤ ਸੀ।
ਸਿਵਲ ਸਰਜਨ ਡਾ. ਜਗਇੰਦਰਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਨੂੰ ਐਬੂਲੈਂਸਾਂ ਮਿਲਣ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚਣ ਦਾ ਸਮਾਂ ਘੱਟ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਪਹਿਲਾਂ ਹੀ ਬਲੱਡ ਬੈਂਕ, ਐਕਸਰੇ ਮਸ਼ੀਨ ਤੇ ਹੋਰ ਆਧੁਨਿਕ ਮਸ਼ੀਨਾਂ ਉਪਲੱਬਧ ਹਨ। ਸਿਰਫ ਐਂਥੀਸੀਆ ਡਾਕਟਰ ਤੇ ਨਰਸਾਂ ਦੀ ਘਾਟ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਸਮੇਂ-ਸਮੇਂ ’ਤੇ ਉਪਰਾਲੇ ਕਰਦੇ ਰਹਿੰਦੇ ਹਨ।
ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇ। ਇਸ ਮੌਕੇ ਐੱਸ. ਐੱਮ. ਓ. ਡਾ. ਸੰਜੀਵ ਅਰੋੜਾ, ਕਪੂਰ ਚੰਦ ਬਾਂਸਲ, ਜੀਵਨ ਗਰਗ, ਕੌਂਸਲਰ ਸੰਦੀਪ ਲੂੰਬਾ ਤੋਂ ਇਲਾਵਾ ਹੋਰ ਹਾਜ਼ਰ ਸਨ।
Read More : ਥਰਮਲ ਕਾਲੋਨੀ ਦੇ ਗੇਟ ਕੋਲ ਕਾਰੋਬਾਰੀ ’ਤੇ ਫਾਇਰਿੰਗ