Bhagwant-Mann

ਸਿਰਫ਼ 4 ਸਾਲਾਂ ‘ਚ ਭਾਖੜਾ ਨਹਿਰ ਦੇ ਬਰਾਬਰ ਪਾਣੀ ਪੰਜਾਬ ਦੇ ਖੇਤਾਂ ਤੱਕ ਪਹੁੰਚਾਇਆ : ਮੁੱਖ ਮੰਤਰੀ ਭਗਵੰਤ ਮਾਨ

ਨਹਿਰੀ ਸਿੰਚਾਈ 26.50% ਤੋਂ ਵਧ ਕੇ 78% ਹੋਈ; 6,700 ਕਰੋੜ ਦੇ ਨਿਵੇਸ਼ ਨਾਲ 1,446 ਪਿੰਡਾਂ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲਿਆ ਨਹਿਰੀ ਪਾਣੀ

ਚੰਡੀਗੜ੍ਹ, 18 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸਿਰਫ਼ ਚਾਰ ਸਾਲਾਂ ਵਿੱਚ ਮੌਸਮੀ ਦਰਿਆਵਾਂ ਤੋਂ 10,000 ਕਿਊਸਿਕ ਪਾਣੀ ਯਕੀਨੀ ਬਣਾ ਕੇ ਅਤੇ ਬੰਦ ਹੋ ਰਹੇ ਨਹਿਰੀ ਨੈੱਟਵਰਕ ਨੂੰ ਮੁੜ ਸੁਰਜੀਤ ਕਰਕੇ ਸੂਬੇ ਦੇ ਖੇਤਾਂ ਨੂੰ ਭਾਖੜਾ ਨਹਿਰ ਦੇ ਬਰਾਬਰ ਪਾਣੀ ਦੀ ਸਪਲਾਈ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਾਲ 2022 ਵਿੱਚ ਨਹਿਰੀ ਸਿੰਚਾਈ ਸਿਰਫ਼ 26.50 ਫ਼ੀਸਦ ਸੀ, ਜੋ ਹੁਣ ਵਧ ਕੇ 78 ਫ਼ੀਸਦ ਹੋ ਗਈ ਹੈ। ਸਰਕਾਰ ਨੇ ਨਹਿਰਾਂ ਦੀ ਲਾਈਨਿੰਗ, ਮੁਰੰਮਤ ਅਤੇ ਬੁਨਿਆਦੀ ਢਾਂਚੇ ‘ਤੇ 6,700 ਕਰੋੜ ਰੁਪਏ ਖਰਚ ਕੀਤੇ ਹਨ, ਜੋ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਹੇਠ ਰਕਬਾ 20.89 ਲੱਖ ਏਕੜ ਤੋਂ ਵਧਾ ਕੇ 58 ਲੱਖ ਏਕੜ ਕਰ ਦਿੱਤਾ ਗਿਆ ਹੈ।

ਜ਼ਮੀਨੀ ਪੱਧਰ ‘ਤੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 13,000 ਕਿਲੋਮੀਟਰ ਨਹਿਰਾਂ ਦੀ ਮੁਰੰਮਤ ਲਈ 2,000 ਕਰੋੜ ਖਰਚੇ ਗਏ, 7,000 ਖਾਲ਼ੇ ਬਹਾਲ ਕੀਤੇ ਗਏ ਅਤੇ 18,349 ਜਲ ਮਾਰਗਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ 545 ਕਿਲੋਮੀਟਰ ਤੱਕ ਫੈਲੀਆਂ 101 ਬੰਦ ਪਈਆਂ ਨਹਿਰਾਂ ਨੂੰ ਮੁੜ ਚਾਲੂ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਤਰਨਤਾਰਨ ਦੀ 22 ਕਿਲੋਮੀਟਰ ਲੰਬੀ ਸਰਹਾਲੀ ਨਹਿਰ ਅਤੇ ਹੁਸ਼ਿਆਰਪੁਰ ਦੀ ਕੰਢੀ ਨਹਿਰ ਨੂੰ ਮੁੜ ਸੁਰਜੀਤ ਕਰਨ ਦੀ ਉਦਾਹਰਨ ਦਿੱਤੀ। ਉਨ੍ਹਾਂ ਦੱਸਿਆ ਕਿ 1952 ਵਿੱਚ ਬਣੀ ਫਿਰੋਜ਼ਪੁਰ ਫੀਡਰ ਅਤੇ 75 ਸਾਲ ਪੁਰਾਣੀ ਸਰਹਿੰਦ ਨਹਿਰ ਦੀ ਸਮਰੱਥਾ ਵਿੱਚ ਵੀ ਵੱਡਾ ਵਾਧਾ ਕੀਤਾ ਗਿਆ ਹੈ। ਹੁਣ ਕਿਸਾਨਾਂ ਨੂੰ ਰੋਟੇਸ਼ਨ ਦੀ ਬਜਾਏ ਹਰ ਰੋਜ਼ ਪਾਣੀ ਮਿਲ ਰਿਹਾ ਹੈ।

ਇਸ ਤੋਂ ਇਲਾਵਾ, 25 ਸਾਲਾਂ ਤੋਂ ਲਟਕਿਆ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ 3,394.49 ਕਰੋੜ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ, ਜੋ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕੇਗਾ। ਧਰਤੀ ਹੇਠਲੇ ਪਾਣੀ ਦੀ ਬਚਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਪਾਣੀ ਦੀ ਨਿਕਾਸੀ 61% ਤੋਂ ਘਟ ਕੇ 31% ਰਹਿ ਗਈ ਹੈ। ਇਸ ਮੌਕੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

Read More : ਵਨ ਸਟਾਪ ਸੈਂਟਰਾਂ ਰਾਹੀਂ 17,651 ਔਰਤਾਂ ਨੂੰ ਮਿਲੀ ਮੁਫ਼ਤ ਸਹਾਇਤਾ : ਡਾ. ਬਲਜੀਤ ਕੌਰ

Leave a Reply

Your email address will not be published. Required fields are marked *