Dr. Balbir Singh

ਆਮ ਆਦਮੀ ਕਲੀਨਿਕਾਂ ਵਿਚ 3 ਸਾਲਾਂ ’ਚ 4.20 ਕਰੋੜ ਲੋਕਾਂ ਨੂੰ ਮਿਲਿਆ ਇਲਾਜ

2.29 ਕਰੋੜ ਲੈਬ ਟੈਸਟ ਕੀਤੇ, ਰੋਜ਼ਾਨਾ 73 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਹੋ ਰਿਹਾ ਇਲਾਜ

ਚੰਡੀਗੜ੍ਹ, 19 ਅਕਤੂਬਰ : ਆਮ ਆਦਮੀ ਕਲੀਨਿਕਾਂ ’ਚ ਤਿੰਨ ਸਾਲਾਂ ’ਚ ਓ.ਪੀ.ਡੀ. ’ਚ 4.20 ਕਰੋੜ ਮਰੀਜ਼ ਆਏ ਤੇ 2.29 ਕਰੋੜ ਲੈਬ ਟੈਸਟ ਕੀਤੇ ਗਏ।

ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 15 ਅਗਸਤ, 2022 ਤੋਂ ਹੁਣ ਤੱਕ ਸੂਬੇ ’ਚ 4.20 ਕਰੋੜ ਤੋਂ ਵੱਧ ਵਿਅਕਤੀਆਂ ਨੇ 881 ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਇਲਾਜ ਪ੍ਰਾਪਤ ਕੀਤਾ ਹੈ।

ਸ਼ਹਿਰੀ ਖੇਤਰਾਂ ’ਚ 316 ਤੇ ਪੇਂਡੂ ਖੇਤਰਾਂ ’ਚ 565 ਸਮੇਤ ਸੂਬੇ ’ਚ ਕੁੱਲ 881 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜਿਨ੍ਹਾਂ ’ਚ ਮੁਫ਼ਤ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 107 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਤੇ 47 ਕਿਸਮਾਂ ਦੇ ਮੁਫ਼ਤ ਡਾਇਗਨੌਸਟਿਕ ਟੈਸਟਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਸਾਰੀਆਂ 107 ਕਿਸਮਾਂ ਦੀਆਂ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ। ਤਾਜ਼ਾ ਮਰੀਜ਼ਾਂ ਦੀ ਫੀਡਬੈਕ ਅਨੁਸਾਰ ਪ੍ਰਭਾਵੀ 98 ਫ਼ੀਸਦੀ ਮਰੀਜ਼ਾਂ ਨੇ ਕਲੀਨਿਕ ਤੋਂ ਹੀ ਦਵਾਈਆਂ ਮਿਲਣ ਦੀ ਰਿਪੋਰਟ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਦੇ ਸਟਾਕ ਦੀ ਹਰ ਸਮੇਂ ਉਪਲਬਧਤਾ ਨੂੰ ਯਕੀਨੀ ਬਣਾਉਣ ਸਬੰਧੀ ਸਖ਼ਤ ਨਿਰਦੇਸ਼ ਦਿੱਤੇ।

ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਰੋਜ਼ਾਨਾ ਲਗਭਗ 73,000 ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ ਤੇ ਹਰ ਕਲੀਨਿਕ ’ਚ ਔਸਤਨ 83 ਮਰੀਜ਼ ਰੋਜ਼ਾਨਾ ਆਉਂਦੇ ਹਨ। ਇਹ ਅੰਕੜਾ ਕਲੀਨਿਕਾਂ ’ਚ ਮਰੀਜ਼ਾਂ ਦੀ ਸਿਹਤ ਸਬੰਧੀ ਕੁਸ਼ਲਤਾ ਤੇ ਪ੍ਰਭਾਵੀ ਸਹੂਲਤ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ 4.20 ਕਰੋੜ ਵਿਅਕਤੀਆਂ ’ਚੋਂ 1.50 ਕਰੋੜ ਵਿਅਕਤੀ ਆਮ ਆਦਮੀ ਕਲੀਨਿਕਾਂ ’ਚ ਆਏ, ਜੋ ਇਨ੍ਹਾਂ ਦੀ ਵਿਆਪਕ ਪਹੁੰਚਯੋਗਤਾ ਨੂੰ ਦਰਸਾਉਂਦਾ ਹੈ ਜਦੋਕਿ 2.7 ਕਰੋੜ ਮਰੀਜ਼ ਦੁਬਾਰਾ ਆਏ, ਜੋ ਮਰੀਜ਼ਾਂ ਦੇ ਵਿਸ਼ਵਾਸ ਤੇ ਸੰਤੁਸ਼ਟੀ ਨੂੰ ਦਰਸਾਉਂਦਾ ਹੈ। ਇਨ੍ਹਾਂ ਕਲੀਨਿਕਾਂ ਨੇ ਵਿਅਕਤੀਆਂ ਲਈ ਸਿਹਤ ਸੰਭਾਲ ਖ਼ਰਚਿਆਂ ਨੂੰ 2000 ਕਰੋੜ ਰੁਪਏ ਦੀ ਵੱਡੀ ਰਕਮ ਘਟਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਉਨ੍ਹਾਂ ਦੱਸਿਆ ਕਿ ਓ.ਪੀ.ਡੀ. ’ਚ 54 ਫ਼ੀਸਦੀ ਔਰਤਾਂ ਆ ਰਹੀਆਂ ਹਨ, ਜੋ ਕਿ ਸਿਹਤ ਸੰਭਾਲ ’ਚ ਇਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਹਨ। ਇਹ ਕਲੀਨਿਕ ਰਵਾਇਤੀ ਰੁਕਾਵਟਾਂ ਨੂੰ ਤੋੜ ਕੇ ਹਰੇਕ ਵਿਅਕਤੀ ਲਈ ਬਰਾਬਰ ਪਹੁੰਚ ਯਕੀਨੀ ਬਣਾ ਰਹੇ ਹਨ। ਇਸ ਤੋਂ ਇਲਾਵਾ 13.9 ਫ਼ੀਸਦੀ ਬੱਚੇ ਤੇ ਨਾਬਾਲਗ ਆਏ ਤੇ 61.3 ਫ਼ੀਸਦੀ ਬਾਲਗ ਆਏ।

ਇਸੇ ਤਰ੍ਹਾਂ 24.8 ਫ਼ੀਸਦੀ ਬਜ਼ੁਰਗ ਨਾਗਰਿਕ ਆਏ। ਉਨ੍ਹਾਂ ਕਿਹਾ ਕਿ ਹਰੇਕ ਕਲੀਨਿਕ ਆਈ.ਟੀ. ਬੁਨਿਆਦੀ ਢਾਂਚੇ ਨਾਲ ਲੈਸ ਹੈ, ਜੋ ਰਜਿਸਟ੍ਰੇਸ਼ਨ, ਡਾਕਟਰੀ ਸਲਾਹ, ਜਾਂਚ ਤੇ ਨੁਸਖ਼ਿਆਂ ਦੇ ਸੰਪੂਰਨ ਡਿਜੀਟਾਈਜ਼ੇਸ਼ਨ ਨੂੰ ਯਕੀਨੀ ਬਣਾਉਂਦਾ ਹੈ।

Read More : 1984 ਸਿੱਖ ਵਿਰੋਧੀ ਦੰਗਿਆਂ ਦੇ 121 ਪੀੜਤਾਂ ਨੂੰ ਮਿਲਣਗੇ ਨਿਯੁਕਤੀ ਪੱਤਰ

Leave a Reply

Your email address will not be published. Required fields are marked *