ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ 138 ਕਰੋੜ 83 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਸਪਲਾਈ ਅਤੇ ਸੀਵਰੇਜ ਯੋਜਨਾ ਪ੍ਰਾਜੈਕਟ ਦੇ ਕੰਮ ਦੀ ਕਰਵਾਈ ਸ਼ੁਰੂਆਤ
ਸ੍ਰੀ ਮੁਕਤਸਰ ਸਾਹਿਬ, 2 ਨਵੰਬਰ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਐੱਸ. ਜੀ. ਪੀ. ਸੀ. ਦੇ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ’ ਚੋਂ ਗੋਲਕਾਂ ਚੁੱਕ ਲਈਆਂ ਜਾਣ ਤਾਂ 95 ਫੀਸਦੀ ਕਰਮਚਾਰੀ ਨੌਕਰੀ ਹੀ ਛੱਡ ਦੇਣਗੇ। ਐੱਸ. ਜੀ. ਪੀ. ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਦੱਸਦਿਆਂ ਮਾਨ ਨੇ ਕਿਹਾ ਕਿ ਉਹ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਨਹੀਂ ਸਗੋਂ ਉਹ ਤਾਂ ਅਕਾਲੀ ਦਲ ਦੇ ਵਰਕਰ ਵਜੋਂ ਕੰਮ ਕਰ ਰਹੇ ਹਨ। ਹੁਣ ਧਾਮੀ ਉਨ੍ਹਾਂ ਦਾ ਇਹ ਬਿਆਨ ਸੁਣ ਕੇ ਜ਼ਰੂਰ ਕੁਝ ਨਾ ਕੁਝ ਉਨ੍ਹਾਂ ਦੇ ਵਿਰੁੱਧ ਬੋਲਣਗੇ।
ਮੁੱਖ ਮੰਤਰੀ ਨੇ ਇਹ ਗੱਲ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਹ ਇੱਥੇ 138 ਕਰੋੜ 83 ਲੱਖ ਰੁਪਏ ਦੀ ਲਾਗਤ ਵਾਲੇ ਪਾਣੀ ਸਪਲਾਈ ਅਤੇ ਸੀਵਰੇਜ ਯੋਜਨਾ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਆਏ ਸਨ।
ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਦੇ ਰਾਜ ’ਚ ਲਾਲ ਬੱਤੀ ਵਾਲੀਆਂ ਗੱਡੀਆਂ ਵਿਚ ਚਿੱਟਾ ਵਿਕਦਾ ਸੀ। ਇਸ ਸਰਕਾਰ ਨੇ ਪੰਜਾਬੀਆਂ ਨੂੰ ਚਿੱਟੇ ਦੇ ਨਸ਼ੇ ਦਾ ਆਦੀ ਬਣਾ ਦਿੱਤਾ। ਬੀਤੇ ਦਿਨੀਂ ਤਰਨਤਾਰਨ ’ਚ ਬੀਬੀ ਹਰਸਿਮਰਤ ਕੌਰ ਬਾਦਲ ਕਹਿ ਰਹੀ ਸੀ ਕਿ ਜਦ ਉਨ੍ਹਾਂ ਦੀ ਸਰਕਾਰ ਸੀ, ਤਾਂ ਕਿਸੇ ਨੂੰ ਚਿੱਟੇ ਦਾ ਨਾਂ ਵੀ ਨਹੀਂ ਪਤਾ ਸੀ। ਇਹ ਸਹੀ ਵੀ ਹੈ ਕਿਉਂਕਿ ਉਸ ਵੇਲੇ ਮਜੀਠੀਆ ਨੂੰ ਹੀ ਚਿੱਟਾ ਬੋਲਦੇ ਸਨ। ਮਜੀਠੀਆ ਦੇ ਨਾਂ ਨਾਲ ਹੀ ਚਿੱਟੇ ਦੀ ਪੁੜੀ ਵਿਕਦੀ ਸੀ। ਵਿਰੋਧੀ ਧਿਰ ਕੋਲ ਹੁਣ ਕੰਮ ਦੇ ਮੁੱਦੇ ਹੀ ਨਹੀਂ ਬਚੇ। ਉਹ ਸਿਰਫ ਇਹੀ ਕਹਿੰਦੇ ਫਿਰ ਰਹੇ ਹਨ ਕਿ ਇਸ ਵਾਰ ਸਾਡੀ ਵਾਰੀ ਆਉਣ ਦਿਓ, ਫਿਰ ਵੇਖੋ ਕਿਵੇਂ ਵਿਕਾਸ ਕਰਾਂਗੇ। ਜਦਕਿ ਅਕਾਲੀ ਦਲ ਦਾ ਗੜ੍ਹ ਕਹੇ ਜਾਣ ਵਾਲੇ ਇਸ ਇਲਾਕੇ ਦੀ ਹਕੀਕਤ ਵਿਚ ਬਹੁਤ ਬੁਰੀ ਹਾਲਤ ਹੈ। ਜਿਹੜੇ ਕੰਮ ਸਾਲਾਂ ਪਹਿਲਾਂ ਹੋ ਜਾਣੇ ਚਾਹੀਦੇ ਸਨ, ਉਹ ਹੁਣ ਸ਼ੁਰੂ ਹੋ ਰਹੇ ਹਨ।
ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਹੋਰ ਆਗੂ ਇਹ ਕਹਿੰਦੇ ਨਹੀਂ ਥਕਦੇ ਕਿ ਇਲਾਕੇ ’ਚ ਸਾਰੇ ਕੰਮ ਬਾਦਲਾਂ ਨੇ ਕਰਵਾਏ ਹਨ ਪਰ ਜਦ ਕੋਟਕਪੂਰੇ ਤੇ ਬਰਗਾੜੀ ਦੀ ਗੱਲ ਆਉਂਦੀ ਹੈ ਤਾਂ ਉਹ ਨਹੀਂ ਦੱਸਦੇ ਕਿ ਇਹ ਕੰਮ ਵੀ ਉਨ੍ਹਾਂ ਨੇ ਹੀ ਕਰਵਾਏ ਸਨ। ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਬੂਲ ਵੀ ਕੀਤਾ ਸੀ ਪਰ ਬਾਅਦ ਵਿਚ ਬਾਹਰ ਆ ਕੇ ਕਹਿੰਦੇ ਕਿ ਇਹ ਤਾਂ ਐਵੇਂ ਹੀ ਕਹਿ ਦਿੱਤਾ ਸੀ।
ਇਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੁਝ ਸਮਝਦੇ ਹੀ ਨਹੀਂ ਪਰ ਇਤਿਹਾਸ ਕਿਸੇ ਨੂੰ ਮਾਫ਼ ਨਹੀਂ ਕਰਦਾ। ਮਾਫ਼ੀ ਗਲਤੀਆਂ ਦੀ ਹੋ ਸਕਦੀ ਹੈ, ਗੁਨਾਹਾਂ ਦੀ ਨਹੀਂ- ਗੁਨਾਹਾਂ ਦੀ ਸਜ਼ਾ ਹੁੰਦੀ ਹੈ। ਲੋਕਾਂ ਦੀ ਕਚਹਿਰੀ ਵਿਚ ਉਨ੍ਹਾਂ ਨੂੰ ਸਜ਼ਾ ਮਿਲ ਚੁੱਕੀ ਹੈ। ਹੁਣ ਉਨ੍ਹਾਂ ਦੇ ਨਾਲ ਕੋਈ ਨਹੀਂ ਹੈ। ਸੁਖਬੀਰ ਬਾਦਲ ਨੂੰ ਆਪ ਹੀ ਨਹੀਂ ਪਤਾ ਲੱਗਦਾ ਕਿ ਉਹ ਕੀ ਕਹਿ ਜਾਂਦੇ ਹਨ। ਪੰਜਾਬ ਦੇ ਵਾਰਿਸ ਕਹਾਉਂਦੇ ਹਨ ਪਰ ਪੰਜਾਬੀ ਬੋਲਣੀ ਨਹੀਂ ਆਉਂਦੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਲਗਭਗ ਡੇਢ ਸਾਲ ਮਨਪ੍ਰੀਤ ਬਾਦਲ ਦੇ ਘਰ ਵਿਚ ਰਹੇ ਹਨ। ਬਾਦਲਾਂ ਦੇ ਘਰ ਵਿਚ ਸਾਰੇ ਅੰਗਰੇਜ਼ੀ ਬੋਲਦੇ ਹਨ। ਇਨ੍ਹਾਂ ਨੂੰ ਪੰਜਾਬੀ ਬੋਲਣੀ ਆਉਂਦੀ ਹੀ ਨਹੀਂ ਪਰ ਪੰਜਾਬ ’ਤੇ ਰਾਜ ਕਰਨ ਫਿਰਦੇ ਹਨ।
ਮਾਨ ਨੇ ਕਿਹਾ ਕਿ ਅੱਜ ਲੰਡਨ ਤੋਂ ਪੈਰਿਸ ਸਮੁੰਦਰ ਦੇ ਹੇਠਾਂ ਰੇਲ ਜਾਂਦੀ ਹੈ। ਇਹ ਵੇਖ ਕੇ ਸੁਖਬੀਰ ਬਾਦਲ ਨੇ ਵੀ ਪੰਜਾਬ ਵਿਚ ਪਾਣੀ ਦੀਆਂ ਬੱਸਾਂ ਚਲਾਉਣ ਦਾ ਤਜਰਬਾ ਕੀਤਾ ਸੀ ਪਰ ਫੇਲ ਹੋ ਗਏ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤੰਜ਼ ਕਸਦਿਆਂ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਸੱਤਾ ’ਚ ਰਹਿਣਾ ਹੀ ਪਸੰਦ ਹੈ। ਜਦ ਮੁਗਲਾਂ ਦਾ ਰਾਜ ਸੀ, ਤਦ ਉਹ ਮੁਗਲਾਂ ਦੇ ਨਾਲ ਸਨ। ਜਦ ਅੰਗਰੇਜ਼ਾਂ ਦਾ ਰਾਜ ਸੀ, ਉਹ ਅੰਗਰੇਜ਼ਾਂ ਦੇ ਨਾਲ ਸਨ। ਕਾਂਗਰਸ ਦੇ ਰਾਜ ਵਿਚ ਕਾਂਗਰਸੀ ਤੇ ਅਕਾਲੀਆਂ ਦੇ ਰਾਜ ਵਿਚ ਅਕਾਲੀ। ਹੁਣ ਉਹ ਭਾਜਪਾ ’ਚ ਹਨ ਤਾਂ ਸਭ ਨੂੰ ਭਾਜਪਾ ’ਚ ਆਉਣ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਵਿਰੋਧੀ ਆਗੂ ਲੋਕਾਂ ਨਾਲ ਐਸਾ ਖੇਡ ਰਹੇ ਹਨ ਜਿਵੇਂ ਸ਼ਤਰੰਜ ਖੇਡ ਰਹੇ ਹੋਣ। ਇਨ੍ਹਾਂ ਨੂੰ ਤਾਂ ਲੋਕਾਂ ਤੋਂ ਡਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਰਕਾਰਾਂ ਵਾਰੀ ਵਾਰੀ ਮਿਲ ਕੇ ਰਾਜ ਕਰਦੀਆਂ ਰਹੀਆਂ। ਮਿਲ ਕੇ ਨਸ਼ੇ ਵੇਚੇ, ਰਿਸ਼ਵਤ ਖਾਧੀ, ਜਾਇਦਾਦਾਂ ਬਣਾਈਆਂ। ਟਰਾਂਸਪੋਰਟ ਖੋਹ ਕੇ ਆਪਣੀ ਟਰਾਂਸਪੋਰਟ ਬਣਾਈ। ਹੁਣ ਸਭ ਦੀ ਜਾਂਚ ਚੱਲ ਰਹੀ ਹੈ। ਮਾਨ ਨੇ ਕਿਹਾ ਕਿ ਉਹ ਵੋਟ ਮੰਗਣ ਨਹੀਂ ਆਏ, ਪਰ ਜਦ ਵੋਟ ਪਾਉਣ ਦਾ ਸਮਾਂ ਆਵੇ ਤਾਂ ਲੋਕ ਇਹ ਜ਼ਰੂਰ ਸੋਚਣ ਕਿ ਕਿਹੜੀ ਸਰਕਾਰ ਲੋਕਾਂ ਦਾ ਭਲਾ ਕਰ ਸਕਦੀ ਹੈ। ਜੋ ਸੋਨੇ ਦਾ ਚਮਚਾ ਮੂੰਹ ਵਿਚ ਲੈ ਕੇ ਪੈਦਾ ਹੁੰਦੇ ਹਨ, ਉਹ ਲੋਕਾਂ ਦਾ ਭਲਾ ਕੀ ਕਰਨਗੇ?
ਮਤਦਾਨ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ “ਮਤ” ਦਾ ਅਰਥ ਹੁੰਦਾ ਹੈ “ਅਕਲ”। ਮਤਦਾਨ ਕਰਨਾ ਮਤਲਬ ਆਪਣੀ ਅਕਲ ਦਾ ਦਾਨ ਕਰਨਾ ਹੁੰਦਾ ਹੈ। ਆਪਣੀ ਵੋਟ ਕਦੇ ਨਾ ਵੇਚੋ ਅਤੇ ਅਕਲ ਨਾਲ ਕੰਮ ਕਰ ਕੇ ਸਹੀ ਆਗੂ ਅਤੇ ਸਰਕਾਰ ਚੁਣੋ। ਜੇ ਤੁਸੀਂ ਪੈਸੇ ਲੈ ਕੇ ਵੋਟ ਪਾਓਗੇ ਤਾਂ ਉਹ ਸਰਕਾਰ ਬਣਨ ਤੋਂ ਬਾਅਦ ਪੰਜ ਸਾਲ ਤੁਹਾਨੂੰ ਹੀ ਵੇਚੇਗੀ ਅਤੇ ਤੁਹਾਡੀ ਵੋਟ ਦੀ ਕੀਮਤ ਵਸੂਲ ਕਰੇਗੀ। ਮਾਨ ਨੇ ਕਿਹਾ ਕਿ 70 ਸਾਲਾਂ ਤੋਂ ਉਲਝੇ ਹੋਏ ਕੰਮ ਹੁਣ ਉਹ ਹੌਲੀ-ਹੌਲੀ ਠੀਕ ਕਰ ਰਹੇ ਹਨ।
ਉਨ੍ਹਾਂ ਦੀ ਨੀਅਤ ’ਚ ਕੋਈ ਖੋਟ ਨਹੀਂ ਹੈ। ਜਦਕਿ ਵਿਰੋਧੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਉਹ ਉਨ੍ਹਾਂ ਦੀਆਂ ਆਲੋਚਨਾਵਾਂ ਕਰਨ ’ਚ ਲੱਗੇ ਹਨ ਅਤੇ ਇਹ ਉਨ੍ਹਾਂ ਦਾ ਕੰਮ ਹੈ ਕਿਉਂਕਿ ਉਨ੍ਹਾਂ ਦੀਆਂ ਕੁਰਸੀਆਂ ਖੋਹ ਲਈਆਂ ਗਈਆਂ ਹਨ। ਸਿੱਖਿਆ ਬਾਰੇ ਗੱਲ ਕਰਦਿਆਂ ਸੀ. ਐੱਮ. ਨੇ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖਿਆ ਦੇ ਪੱਧਰ ਵਿਚ ਸੁਧਾਰ ਹੋਇਆ ਹੈ ਅਤੇ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਇਮਤਿਹਾਨ ਵਿੱਚ ਟਾਪ ਕਰ ਰਹੇ ਹਨ।
ਇਸ ਮੌਕੇ ’ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਬਲਜੀਤ ਕੌਰ, ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿਚ ‘ਆਪ’ ਆਗੂ ਅਤੇ ਵਰਕਰ ਹਾਜ਼ਰ ਸਨ।
Read More : ਦਿੱਲੀ ’ਚ ਬੀ.ਐੱਸ.-4 ਤੋਂ ਹੇਠਲੀ ਸ਼੍ਰੇਣੀ ਵਾਲੇ ਵਪਾਰਕ ਵਾਹਨਾਂ ਦੀ ਐਂਟਰੀ ਬੰਦ
