ਅਜਨਾਲਾ, 19 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਾਰੇ ਆਪਣੀ-ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਇਹ ਸੱਤਾ ਵਿਚ ਆ ਕੇ ਫਿਰ ਤੋਂ ਲੁੱਟ-ਖਸੁੱਟ ਕਰਨਾ ਚਾਹੁੰਦੇ ਹਨ। ਜੇਕਰ ਇਹ ਸੱਤਾ ਵਿਚ ਆ ਗਏ ਤਾਂ ਭ੍ਰਿਸ਼ਟਾਚਾਰ ਫਿਰ ਤੋਂ ਸਿਖਰਾਂ ’ਤੇ ਪਹੁੰਚ ਜਾਵੇਗਾ। ਪਹਿਲਾਂ ਹੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਨੂੰ ਖੂਬ ਲੁੱਟਿਆ ਹੈ।
ਮੁੱਖ ਮੰਤਰੀ ਅੱਜ 15 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ/ਵੋਕੇਸ਼ਨਲ ਟ੍ਰੇਨਿੰਗ ਕਾਲਜ ਅਜਨਾਲਾ ਦਾ ਨੀਂਹ ਪੱਥਰ ਰੱਖਣ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਸਿੱਖਿਅਤ ਕਰਨਾ ਲਾਜ਼ਮੀ ਹੈ ਕਿਉਂਕਿ ਇਸ ਨਾਲ ਅਸੀਂ ਦੇਸ਼, ਸੂਬੇ ਅਤੇ ਰਾਜਨੀਤੀ ਨੂੰ ਬਿਹਤਰ ਬਣਾ ਸਕਦੇ ਹਾਂ। ਰਾਜਨੀਤੀ ਵਿਚ ਚੰਗੇ ਵਿਅਕਤੀ ਆਉਣਗੇ ਤਾਂ ਸਮਾਜ ਬਿਹਤਰ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ-ਪਾਕਿ ਸਰਹੱਦ ਨੇੜੇ ਲੱਗੀ ਕੰਡਿਆਲੀ ਤਾਰ ਨੂੰ ਸਰਹੱਦ ਦੇ ਨੇੜੇ ਅੱਗੇ ਸ਼ਿਫਟ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਕਿਸਾਨ ਆਪਣੀ ਮਰਜ਼ੀ ਅਨੁਸਾਰ ਖੇਤਾਂ ਵਿਚ ਖੇਤੀ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਸਾਨੂੰ ਖੁਦ ਹੀ ਠੀਕ ਕਰਨਾ ਪਵੇਗਾ। ਪੰਜਾਬ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ। ਪੰਜਾਬ ਨੂੰ ਕੈਲੀਫੋਰਨੀਆ, ਲੰਡਨ ਬਣਾਉਣ ਦੀ ਲੋੜ ਨਹੀਂ। ਆਓ ਅਸੀਂ ਪੰਜਾਬ ਨੂੰ ਪੰਜਾਬ ਬਣਾ ਕੇ ਇਸ ਦੀ ਪੁਰਾਣੀ ਸ਼ਾਨ ਬਹਾਲ ਕਰੀਏ। ‘ਰੰਗਲਾ ਪੰਜਾਬ’ ਹੀ ਸਾਡਾ ਇਕੋ-ਇਕ ਟੀਚਾ ਹੈ। ਸਰਕਾਰ ਨੇ 63,000 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਰਿਸ਼ਵਤ ਦਾ ਇਕ ਪੈਸਾ ਵੀ ਨਹੀਂ ਲਿਆ।
Read More : ਪੁਲਸ ਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ, ਭਗੌੜਾ ਮੰਡ ਸਾਥੀ ਸਮੇਤ ਕਾਬੂ
