ਐੱਸ. ਐੱਚ. ਓ. ਦੀ ਛਾਤੀ ’ਚ ਲੱਗੀ ਗੋਲੀ, ਬੁਲੇਟ ਪਰੂਫ ਜੈਕੇਟ ਨੇ ਬਚਾਈ ਜਾਨ
ਦੋਰਾਹਾ, 19 ਜਨਵਰੀ : ਸੋਮਵਾਰ ਸਵੇਰੇ 8.30 ਵਜੇ ਦੋਰਾਹਾ ਵਿਚ ਜੀ. ਟੀ. ਰੋਡ ਤੋਂ ਛਾਉਣੀ ਰੋਡ ਵੱਲ ਜਾਣ ਵਾਲੀ ਸੜਕ ’ਤੇ ਪੁਲਸ ਅਤੇ ਬਦਮਾਸ਼ਾ ਵਿਚਕਾਰ ਗੋਲੀਬਾਰੀ ਹੋ ਗਈ।
ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਦੋਰਾਹਾ ਅਕਾਸ਼ ਦੱਤ ਨੇ ਦੋਰਾਹਾ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਅਚਾਨਕ ਬਦਮਾਸ਼ਾਂ ਨੇ ਪਹਿਲਾਂ ਆਪਣੀ ਕਾਰ ਨਾਲ ਪੁਲਸ ਦੀ ਗੱਡੀ ਨੂੰ ਟੱਕਰ ਮਾਰੀ ਅਤੇ ਫਿਰ ਪੁਲਸ ਟੀਮ ’ਤੇ ਗੋਲੀਬਾਰੀ ਕੀਤੀ, ਜਿਸ ’ਤੇ 2 ਗੋਲੀਆਂ ਪੁਲਸ ਦੀ ਗੱਡੀ ਨੂੰ ਲੱਗੀਆਂ ਅਤੇ ਇਕ ਗੋਲੀ ਐੱਸ. ਐੱਚ. ਓ. ਦੋਰਾਹਾ ਦੀ ਛਾਤੀ ਵਿਚ ਲੱਗੀ।
ਖੁਸ਼ਕਿਸਮਤੀ ਨਾਲ ਉਨ੍ਹਾਂ ਨੇ ਬੁਲੇਟ-ਪਰੂਫ ਜੈਕੇਟ ਪਾਈ ਹੋਈ ਸੀ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਇਸ ਮੌਕੇ ਸੀਨੀਅਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ।
ਡੀ. ਐੱਸ. ਪੀ. (ਜਾਂਚ) ਮੋਹਿਤ ਸਿੰਗਲਾ ਅਤੇ ਡੀ. ਐੱਸ. ਪੀ. ਪਾਇਲ ਜਸਬਿੰਦਰ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਐੱਸ. ਐੱਚ. ਓ. ਦੋਰਾਹਾ ਇੰਸ. ਆਕਾਸ਼ ਦੱਤ ਅਤੇ ਇੰਚਾਰਜ ਸੀ. ਆਈ. ਏ. ਐੱਸ. ਆਈ. ਨਰਪਿੰਦਰਪਾਲ ਦੀ ਅਗਵਾਈ ਵਾਲੀ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਮੁੱਖ ਮੁਲਜ਼ਮ ਹਰਸਿਮਰਨ ਮੰਡ ਵਾਸੀ ਡੇਹਲੋਂ ਆਪਣੇ ਸਾਥੀ ਨਾਲ ਕਾਲੇ ਰੰਗ ਦੀ ਸਕਾਰਪੀਓ ਵਿਚ ਘੁੰਮ ਰਿਹਾ ਹੈ।
ਦੋਰਾਹਾ ਵਿਖੇ ਨਾਕਬੰਦੀ ਕਰਨ ਰੋਕੇ ਜਾਣ ’ਤੇ ਮੁਲਜ਼ਮਾਂ ਨੇ ਜਾਣਬੁੱਝ ਕੇ ਆਪਣੀ ਗੱਡੀ ਪੁਲਸ ਪਾਰਟੀ ਦੀ ਗੱਡੀ ਵਿਚ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਲਜ਼ਮ ਮੰਡ ਨੇ ਪੁਲਸ ਪਾਰਟੀ ’ਤੇ ਤਿੰਨ ਗੋਲੀਆਂ ਚਲਾਈਆਂ। ਗੋਲੀਆਂ ਪੁਲਸ ਦੀ ਗੱਡੀ ਨੂੰ ਲੱਗੀਆਂ ਅਤੇ ਐੱਸ. ਐੱਚ. ਓ. ਦੋਰਾਹਾ ਦੀ ਛਾਤੀ ’ਤੇ ਵੀ ਗੋਲੀ ਲੱਗੀ ਪਰ ਬੁਲੇਟ ਪਰੂਫ ਜੈਕੇਟ ਪਾਈ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।
ਪੁਲਸ ਪਾਰਟੀ ਵਲੋਂ ਸਵੈ-ਰੱਖਿਆ ਵਿਚ ਕੀਤੀ ਗਈ ਕਾਰਵਾਈ ਵਿਚ ਮੁਲਜ਼ਮ ਹਰਸਿਮਰਨ ਮੰਡ ਦੇ ਵੀ ਗੋਲੀ ਲੱਗੀ। ਦੋਵਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਮੁਲਜ਼ਮ ਦੀ ਪਛਾਣ ਇਵਨਜੋਤ ਸਿੰਘ ਵਾਸੀ ਰਾੜਾ ਸਾਹਿਬ ਥਾਣਾ ਪਾਇਲ ਵਜੋਂ ਹੋਈ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ ਹਨ। ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ।
ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਐੱਸ. ਪੀ. (ਡੀ) ਖੰਨਾ ਪਵਨਜੀਤ ਨੇ ਦੱਸਿਆ ਕਿ ਮੁਲਜ਼ਮ ਮੰਡ ਦਾ ਕਮਿਸ਼ਨਰੇਟ ਲੁਧਿਆਣਾ ਅਤੇ ਖੰਨਾ ਜ਼ਿਲੇ ਵਿਚ ਅਪਰਾਧਿਕ ਇਤਿਹਾਸ ਹੈ ਅਤੇ ਉਹ ਸੰਗਠਿਤ ਅਪਰਾਧ ਸਿੰਡੀਕੇਟ, ਹਿੰਸਕ ਘਟਨਾਵਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਵਿਚ ਸ਼ਾਮਲ ਹੈ। ਉਹ 10.10.2025 ਦੀ ਇਕ ਘਟਨਾ ਨਾਲ ਸਬੰਧਤ ਪੁਲਸ ਸਟੇਸ਼ਨ ਦੋਰਾਹਾ ਵਿਖੇ ਦਰਜ ਕੀਤੇ ਗਏ ਪਹਿਲੇ ਮਾਮਲੇ ਵਿਚ ਫਰਾਰ ਸੀ। ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਲੂਵਾਲੀਆ ਨੇ ਐੱਸ. ਐੱਚ. ਓ. ਆਕਾਸ਼ ਦੱਤ ਦੀ ਬਹਾਦਰੀ ਦੀ ਸ਼ਲਾਘਾ ਕੀਤੀ।
Read More : ਭਾਜਪਾ ਸੱਤਾ ਦੇ ਕੇਂਦਰੀਕਰਨ ਦੇ ਯਤਨਾਂ ’ਚ : ਰਾਹੁਲ ਗਾਂਧੀ
