ਮੈਂ ਗੁਰੂ ਦਾ ਸੱਚਾ ਤੇ ਨਿਮਾਣਾ ਸਿੱਖ ਹਾਂ : ਹਰਜੋਤ ਬੈਂਸ

ਕਿਹਾ- ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਵਾਂਗਾ

ਚੰਡੀਗੜ੍ਹ, 26 ਜੁਲਾਈ : ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਧੰਨ-ਧੰਨ ਬੰਦੀਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਸੱਚੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਝੁਕਦਾ ਹੈ। ਦਾਸ ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ।

ਹਰਜੋਤ ਸਿੰਘ ਬੈਂਸ ਨੇ ਲਿਖਿਆ ਕਿ ‘‘ ਬੀਤੇ ਦਿਨੀਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਉੱਘੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ।’’

ਇਸ ਪ੍ਰੋਗਰਾਮ ਵਿਚ ਮਸ਼ਹੂਰ ਪੰਜਾਬੀ ਗਾਇਕ ਬੀਰ ਸਿੰਘ ਨੂੰ ਵੀ ਬੁਲਾਇਆ ਗਿਆ ਸੀ, ਜੋ ਕਿ ਇੱਕ ਗੁਰਸਿੱਖ ਗਾਇਕ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗੀਤ ਧਾਰਮਿਕ ਹੁੰਦੇ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਆਵਾਜ਼ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਰਚਨਾ “ਸਲੋਕ ਮਹਲਾ ੯” ਦਾ ਗਾਇਨ ਵੀ ਕੀਤਾ ਸੀ। ਇਸੇ ਕਾਰਨ ਹੀ ਉਨ੍ਹਾਂ ਨੂੰ ਵੀ ਇਸ ਸਮਾਗਮ ਵਿਚ ਸੱਦਿਆ ਗਿਆ ਸੀ।

ਇਸ ਸਮਾਗਮ ਵਿਚ ਪ੍ਰਬੰਧਕਾਂ ਦੀ ਜਾਣੇ-ਅਨਜਾਣੇ ਵਿਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ, ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖ਼ਿਮਾ ਦਾ ਜਾਚਕ ਹਾਂ। ਮੈਂ ਗੁਰੂ ਸਾਹਿਬ ਦਾ ਸੱਚਾ ਅਤੇ ਨਿਮਾਣਾ ਸਿੱਖ ਹਾਂ, ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਸਬੰਧ ਵਿਚ ਦਾਸ ਨੂੰ ਤਲਬ ਕੀਤਾ ਗਿਆ ਹੈ।
ਦਾਸ ਬੰਦੀਛੋੜ ਛੇਵੇਂ ਪਾਤਸ਼ਾਹ ਜੀ ਦੇ ਸੱਚੇ ਤਖਤ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੋਇਆ ਹੋਣ ਵਾਲੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵੇਗਾ।’’

Read More : ਕੰਗਨਾ ਦੀ ਸੋਚ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਰਹੀ : ਪਰਗਟ ਸਿੰਘ

Leave a Reply

Your email address will not be published. Required fields are marked *