FIR

ਮਨੁੱਖੀ ਤਸਕਰੀ ਦਾ ਨੈੱਟਵਰਕ ਬੇਨਕਾਬ, 16 ਲੋਕਾਂ ਨੂੰ ਗ਼ਲਤ ਢੰਗ ਨਾਲ ਯੂ.ਕੇ. ਭੇਜਣ ਦਾ ਮਾਮਲਾ ਦਰਜ

ਇਕੋ ਮੋਬਾਈਲ ਨੰਬਰ ਨਾਲ ਟਿਕਟਾਂ ਬੁੱਕ, ਕਈ ਟ੍ਰੈਵਲ ਏਜੰਟ ਸ਼ੱਕ ਦੇ ਘੇਰੇ ’ਚ; ਏਅਰ ਇੰਡੀਆ ਸਟਾਫ਼ ਦੀ ਭੂਮਿਕਾ ਵੀ ਜਾਂਚ ਹੇਠ

ਮੋਹਾਲੀ, 27 ਅਪ੍ਰੈਲ: ਪੰਜਾਬ ’ਚ ਮਨੁੱਖੀ ਤਸਕਰੀ ਦੇ ਵੱਡੇ ਨੈੱਟਵਰਕ ਦੀ ਖ਼ੁਫੀਆ ਏਜੰਸੀ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੰਜਾਬ ਸਟੇਟ ਕ੍ਰਾਈਮ ਵੱਲੋਂ ਅਣਪਛਾਤੇ ਮੁਲਜ਼ਮਾਂ ’ਤੇ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਨਵਰੀ 2026 ’ਚ ਅੰਮ੍ਰਿਤਸਰ ਏਅਰਪੋਰਟ ਤੋਂ 16 ਭਾਰਤੀਆਂ ਨੂੰ ਏਅਰ ਇੰਡੀਆ ਦੀ ਫਲਾਈਟ ਰਾਹੀਂ ਗ਼ਲਤ ਢੰਗ ਨਾਲ ਯੂ.ਕੇ. ਭੇਜਿਆ ਗਿਆ ਸੀ, ਜਿੱਥੇ ਉਕਤ ਭਾਰਤੀਆਂ ਨੇ ਸ਼ਰਨ ਮੰਗੀ। 24 ਮਾਰਚ ਨੂੰ ਖ਼ੁਫੀਆ ਏਜੰਸੀ ਨੇ ਉਕਤ ਸੂਚਨਾ ਸਾਂਝੀ ਕੀਤੀ, ਜਿਸ ਤੋਂ ਬਾਅਦ 21 ਅਪ੍ਰੈਲ ਨੂੰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਸਟੇਟ ਕ੍ਰਾਈਮ ਨੂੰ ਇਸ ਮਾਮਲੇ ’ਚ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ।

ਖ਼ੁਫੀਆ ਏਜੰਸੀ ਅਨੁਸਾਰ ਇਨ੍ਹਾਂ 16 ਲੋਕਾਂ ਨੇ ਯੂ.ਕੇ. ਪਹੁੰਚ ਕੇ ਸ਼ਰਨ ਮੰਗੀ ਸੀ, ਜਿਸ ਤੋਂ ਬਾਅਦ ਮਾਮਲਾ ਸ਼ੱਕੀ ਹੋ ਗਿਆ। ਏਜੰਸੀ ਨੇ ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਮੰਨਦੇ ਹੋਏ ਜਾਂਚ ਕਰਨ ਲਈ ਕਿਹਾ। ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਜਾਂਚ ’ਚ ਸਪੱਸ਼ਟ ਹੋਇਆ ਕਿ ਇਹ ਮਾਮਲਾ ਆਮ ਯਾਤਰਾ ਦਾ ਨਹੀਂ, ਸਗੋਂ ਕਿਸੇ ਵੱਡੇ ਨੈੱਟਵਰਕ ਦਾ ਹਿੱਸਾ ਹੋ ਸਕਦਾ ਹੈ।

ਜਾਂਚ ’ਚ ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆਈ ਕਿ ਇਕ ਹੀ ਮੋਬਾਈਲ ਨੰਬਰ ਦੀ ਵਰਤੋਂ 16 ਯਾਤਰੀਆਂ ’ਚੋਂ 10 ਦੀ ਟਿਕਟ ਬੁਕਿੰਗ ਲਈ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਟ੍ਰੈਵਲ ਏਜੰਟਾਂ ਦੇ ਨਾਂ ਵੀ ਸਾਹਮਣੇ ਆਏ ਹਨ। ਪੁਲਸ ਅਨੁਸਾਰ ਜੇਕਰ ਏਅਰ ਇੰਡੀਆ ਦੇ ਸਟਾਫ਼, ਟ੍ਰੈਵਲ ਏਜੰਟਾਂ ਜਾਂ ਹੋਰਨਾਂ ਦੀ ਸ਼ਮੂਲੀਅਤ ਪਾਈ ਗਈ, ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Read More : ਚੰਡੀਗੜ੍ਹ ਡੀ.ਸੀ. ਦਫਤਰ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Leave a Reply

Your email address will not be published. Required fields are marked *