ਜਾਨ ਬਚਾਉਣ ਲਈ ਇਧਰ-ਉਧਰ ਭੱਜੇ ਲੋਕ
ਉੱਤਰਕਾਸ਼ੀ, 7 ਸਤੰਬਰ: ਉਤਰਾਖੰਡ ਦੇ ਉੱਤਰਕਾਸ਼ੀ ਵਿਚ ਬੀਤੀ ਸ਼ਾਮ ਨੂੰ ਬੱਦਲ ਫਟਣ ਕਾਰਨ ਨੌਗਾਓਂ ਖੇਤਰ ਵਿਚ ਅਚਾਨਕ ਜ਼ਮੀਨ ਖਿਸਕ ਗਈ। ਇਸ ਦੌਰਾਨ ਮਲਬੇ ਨੇ ਨੌਗਾਓਂ ਬਾਜ਼ਾਰ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।
ਜਾਣਕਾਰੀ ਅਨੁਸਾਰ ਇਕ ਘਰ ਮਲਬੇ ਹੇਠ ਦੱਬ ਗਿਆ ਅਤੇ ਚਿੱਕੜ ਵਾਲਾ ਪਾਣੀ ਅੱਧੀ ਦਰਜਨ ਤੋਂ ਵੱਧ ਘਰਾਂ ਵਿਚ ਵੜ ਗਿਆ। ਘਟਨਾ ਤੋਂ ਬਾਅਦ ਦਿੱਲੀ-ਯਮੁਨੋਤਰੀ ਹਾਈਵੇਅ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਉੱਤਰਾਖੰਡ ਦੇ ਇਸ ਖੇਤਰ ਵਿਚ ਆਵਾਜਾਈ ਜਾਮ ਹੋ ਗਈ।
ਜ਼ਿਲਾ ਮੈਜਿਸਟ੍ਰੇਟ (ਡੀਐਮ) ਪ੍ਰਸ਼ਾਂਤ ਆਰੀਆ ਨੇ ਕਿਹਾ ਕਿ ਸ਼ਾਮ ਨੂੰ ਯਮੁਨਾ ਘਾਟੀ ਦੇ ਸੇਵਰੀ ਫਾਲ ਬੈਲਟ ਵਿਚ ਬੱਦਲ ਫਟ ਗਿਆ ਅਤੇ ਪਾਣੀ ਦੇ ਵਹਾਅ ਵਿਚ ਵਾਧੇ ਕਾਰਨ ਮਲਬਾ ਹੇਠਾਂ ਵੱਲ ਵਹਿਣ ਲੱਗ ਪਿਆ, ਜਿਸ ਨਾਲ ਨੀਵੇਂ ਇਲਾਕਿਆਂ ਵਿਚ ਨੁਕਸਾਨ ਹੋਇਆ। ਜ਼ਿਲ੍ਹਾ ਪ੍ਰਸ਼ਾਸਨ, ਰਾਜ ਅਤੇ ਰਾਸ਼ਟਰੀ ਆਫ਼ਤ ਰਾਹਤ ਬਲ ਨੇ ਪ੍ਰਭਾਵਿਤ ਖੇਤਰ ਵਿਚ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਆਰੀਆ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਧਾਮੀ ਨੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਦਿੱਤੇ ਨਿਰਦੇਸ਼
ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉੱਤਰਾਖੰਡ ਜ਼ਿਲ੍ਹੇ ਦੇ ਨੌਗਾਓਂ ਖੇਤਰ ਵਿਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੀ ਖ਼ਬਰ ਮਿਲਣ ‘ਤੇ ਮੈਂ ਤੁਰੰਤ ਜ਼ਿਲਾ ਅਧਿਕਾਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਜੰਗੀ ਪੱਧਰ ‘ਤੇ ਬਚਾਅ ਅਤੇ ਰਾਹਤ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ।
ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਲਿਜਾਣ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਹਨ।
Read More : ਗੁੱਲੂਵਾਲ ’ਚ 3 ਕਰੋੜ ਦੀ ਹੈਰੋਇਨ ਬਰਾਮਦ