ਆਈ.ਸੀ.ਯੂ. ਵਿਚ 24 ਮਰੀਜ਼ ਸੀ ਦਾਖਲ
ਜੈਪੁਰ,6 ਅਕਤੂਬਰ : ਰਾਜਸਥਾਨ ਦੇ ਜੈਪੁਰ ਸਥਿਤ ਸਵਾਈ ਮਾਨ ਸਿੰਘ (ਐੱਸ.ਐੱਮ. ਐੱਸ.) ਹਸਪਤਾਲ ਦੇ ਆਈਸੀਯੂ ਵਿਚ ਭਿਆਨਕ ਅੱਗ ਲੱਗਣ ਕਾਰਨ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਸਵੇਰੇ ਇਸ ਦੀ ਜਾਣਕਾਰੀ ਦਿੱਤੀ।
ਐੱਸ.ਐੱਮ. ਐੱਸ. ਹਸਪਤਾਲ ਦੇ ਟ੍ਰੌਮਾ ਸੈਂਟਰ ਦੇ ਪ੍ਰਧਾਨ ਡਾ. ਅਨੁਰਾਗ ਧਾਕੜ ਨੇ ਦੱਸਿਆ ਕਿ ਟ੍ਰੌਮਾ ਆਈਸੀਯੂ ਵਿਚ ਸ਼ਾਰਟ ਸਰਕਟ ਹੋਇਆ, ਜਿਸ ਨਾਲ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਜ਼ਹਿਰੀਲਾ ਧੂੰਆ ਨਿਕਲਿਆ। ਡਾ. ਧਾਕੜ ਨੇ ਕਿਹਾ ਕਿ ਟ੍ਰੌਮਾ ਆਈਸੀਯੂ ਵਿਚ 11 ਮਰੀਜ਼ ਸਨ, ਜਿੱਥੇ ਅੱਗ ਲੱਗੀ ਅਤੇ ਜਲਦੀ ਹੀ ਫੈਲ ਗਈ।
ਡਾ. ਅਨੁਰਾਗ ਧਾਕੜ ਨੇ ਦੱਸਿਆ ਕਿ ਸਾਡੇ ਟ੍ਰੌਮਾ ਸੈਂਟਰ ਵਿਚ ਦੂਜੀ ਮੰਜ਼ਿਲ ‘ਤੇ 2 ਆਈਸੀਯੂ ਹਨ, ਇਕ ਟ੍ਰੌਮਾ ਆਈਸੀਯੂ ਅਤੇ ਇਕ ਸੇਮੀ-ਆਈਸੀਯੂ। ਉੱਥੇ ਸਾਡੇ ਕੋਲ 24 ਮਰੀਜ਼ ਸਨ, 11 ਟ੍ਰੌਮਾ ਆਈਸੀਯੂ ਵਿਚ ਅਤੇ 13 ਸੇਮੀ-ਆਈਸੀਯੂ ਵਿੱਚ। ਟ੍ਰੌਮਾ ਆਈਸੀਯੂ ਵਿਚ ਸ਼ਾਰਟ ਸਰਕਿਟ ਹੋਇਆ ਅਤੇ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਜ਼ਹਿਰੀਲੀਆਂ ਗੈਸਾਂ ਨਿਕਲੀਆਂ।
ਜ਼ਿਆਦਾਤਰ ਮਰੀਜ਼ ਬੇਹੋਸ਼ੀ ਦੀ ਹਾਲਤ ਵਿਚ ਮਿਲੇ
ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਗੰਭੀਰ ਮਰੀਜ਼ ਬੇਹੋਸ਼ੀ ਦੀ ਹਾਲਤ ਵਿਚ ਸਨ। ਸਾਡੀ ਟ੍ਰੌਮਾ ਸੈਂਟਰ ਟੀਮ, ਸਾਡੇ ਨਰਸਿੰਗ ਅਧਿਕਾਰੀ ਅਤੇ ਵਾਰਡ ਬੌਏਜ਼ ਨੇ ਤੁਰੰਤ ਉਨ੍ਹਾਂ ਨੂੰ ਟ੍ਰਾਲੀਆਂ ‘ਤੇ ਪਾ ਕੇ ਆਈਸੀਯੂ ਤੋਂ ਬਾਹਰ ਕੱਢਿਆ ਅਤੇ ਜਿੰਨੇ ਮਰੀਜ਼ਾਂ ਨੂੰ ਅਸੀਂ ਆਈਸੀਯੂ ਤੋਂ ਬਾਹਰ ਕੱਢ ਸਕੇ, ਉਨ੍ਹਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ। ਉਨ੍ਹਾਂ ਵਿੱਚੋਂ ਅੱਠ ਮਰੀਜ਼ਾਂ ਦੀ ਹਾਲਤ ਬਹੁਤ ਗੰਭੀਰ ਸੀ, ਅਸੀਂ ਸੀਪੀਆਰ ਨਾਲ ਉਨ੍ਹਾਂ ਨੂੰ ਹੋਸ਼ ਵਿਚ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਮੁੱਖ ਮੰਤਰੀ ਭਜਨਲਾਲ ਨੇ ਹਸਪਤਾਲ ਦਾ ਕੀਤਾ ਦੌਰਾ
ਮੁੱਖ ਮੰਤਰੀ ਭਜਨਲਾਲ ਸ਼ਰਮਾ, ਸੰਸਦੀ ਕਾਰਜ ਮੰਤਰੀ ਜੋਗਾਰਾਮ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਟ੍ਰੌਮਾ ਸੈਂਟਰ ਦਾ ਦੌਰਾ ਕੀਤਾ।
ਰਾਜਸਥਾਨ ਮੰਤਰੀ ਜਵਾਹਰ ਸਿੰਘ ਨੇ ਕਿਹਾ ਕਿ ਆਈਸੀਯੂ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਮਿਲੀ ਅਤੇ ਉਹ ਖ਼ੁਦ ਇੱਥੇ ਆਏ। ਇਹ ਘਟਨਾ ਦੁਖਦਾਈ ਹੈ ਅਤੇ ਜਿਨ੍ਹਾਂ ਦਾ ਇੱਥੇ ਇਲਾਜ ਚੱਲ ਰਿਹਾ ਸੀ, ਅੱਗ ਲੱਗਣ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਹੈ। ਸਾਡੀ ਕੋਸ਼ਿਸ਼ ਇਹ ਹੈ ਕਿ 24 ਲੋਕਾਂ ਵਿੱਚੋਂ ਜਿਨ੍ਹਾਂ ਨੂੰ ਬਚਾਅ ਲਿਆ ਗਿਆ ਹੈ।
ਉਨ੍ਹਾਂ ਦਾ ਇਲਾਜ ਬਿਹਤਰ ਹੋਵੇ ਅਤੇ ਅੱਗੇ ਤੋਂ ਅਜਿਹੀ ਘਟਨਾ ਨਾ ਹੋਵੇ। ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਬਿਹਤਰ ਇਲਾਜ ਹੋਵੇ।
Read More : ਸੰਸਦ ਮੈਂਬਰ ਮੀਤ ਹੇਅਰ ਵੱਲੋਂ 4 ਕਰੋੜ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ