ਮੁੱਖ ਮੰਤਰੀ ਫੜਨਵੀਸ ਤੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਵਫ਼ਦ ਭੇਜ ਕੇ ਸ੍ਰੀ ਹਜ਼ੂਰ ਸਾਹਿਬ ਆਉਣ ਦਾ ਦਿੱਤਾ ਸੱਦਾ
ਨਵੀ੍ਂ ਦਿੱਲੀ, 19 ਜਨਵਰੀ : ‘ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ 24 ਤੇ 25 ਜਨਵਰੀ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਵਿਖੇ ਰਾਜ ਪੱਧਰੀ ਹੋ ਰਹੇ ਦੋ ਦਿਨਾਂ ਸ਼ਤਾਬਦੀ ਸਮਾਗਮਾਂ ’ਚ ਸ਼ਾਮਲ ਹੋਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਿਸ਼ੇਸ਼ ਤੌਰ ’ਤੇ ਅੱਜ ਸੱਦਾ-ਪੱਤਰ ਦਿੱਤਾ ਗਿਆ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਸ਼ਹੀਦੀ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ (ਮੁਖੀ ਦਮਦਮੀ ਟਕਸਾਲ) ਵੱਲੋਂ ਭੇਜਿਆ ਗਿਆ ਇਹ ਸੱਦਾ ਪੱਤਰ ਮਹਾਰਾਸ਼ਟਰ ਤੋਂ ਦਿੱਲੀ ਆਏ ਵਫ਼ਦ ਨੇ ਪੂਰੇ ਸਨਮਾਨ ਨਾਲ ਗ੍ਰਹਿ ਮੰਤਰੀ ਨੂੰ ਸੌਂਪਿਆ ਅਤੇ ਸ਼ਤਾਬਦੀ ਸਮਾਗਮਾਂ ’ਚ ਆਪਣੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਸਨਿਮਰ ਬੇਨਤੀ ਕੀਤੀ।
ਗ੍ਰਹਿ ਮੰਤਰੀ ਸ਼ਾਹ ਨੇ ਆਏ ਵਫ਼ਦ ਦਾ ਸਵਾਗਤ ਕਰਦੇ ਹੋਏ ਪੂਰੇ ਸਤਿਕਾਰ ਨਾਲ ਇਹ ਸੱਦਾ ਪੱਤਰ ਕਬੂਲ ਕੀਤਾ ਅਤੇ ਸਮਾਗਮਾਂ ’ਚ ਸ਼ਾਮਲ ਹੋਣ ਦਾ ਪੂਰਨ ਭਰੋਸਾ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਅੰਦਰ ਮਿਸਾਲੀ ਹੈ, ਜਿਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ’ਤੇ ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਕੁਰਬਾਨੀ ਦੇ ਕੇ ਇਤਿਹਾਸ ਸਿਰਜਿਆ। ਉਨ੍ਹਾਂ ਕਿਹਾ ਕਿ ਅਜਿਹੇ ਇਤਿਹਾਸਕ ਸਮਾਗਮਾਂ ’ਚ ਸ਼ਾਮਲ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਣਾ ਬੇਹੱਦ ਮਾਣ ਵਾਲੀ ਗੱਲ ਹੈ।
ਇਸ ਵਫ਼ਦ ’ਚ ਮੁੱਖ ਮੰਤਰੀ ਮਹਾਰਾਸ਼ਟਰ ਰਾਹਤ ਫੰਡ ਦੇ ਇੰਚਾਰਜ ਰਾਮੇਸ਼ਵਰ ਨਾਇਕ, ਚਰਨਦੀਪ ਸਿੰਘ ਹੈਪੀ (ਮੈਂਬਰ ਘੱਟ ਗਿਣਤੀ ਕਮਿਸ਼ਨ), ਭਾਈ ਜਸਪਾਲ ਸਿੰਘ ਸਿੱਧੂ (ਚੇਅਰਮੈਨ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ), ਵਿਜੇ ਸਤਬੀਰ ਸਿੰਘ (ਚੇਅਰਮੈਨ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਬੋਰਡ), ਸੰਤ ਬਾਬੂ ਸਿੰਘ ਮਹਾਰਾਜ, ਸੰਤ ਰਾਮ ਸਿੰਘ ਮਹਾਰਾਜ ਅਤੇ ਤੇਜਾ ਸਿੰਘ ਬਾਵਰੀ ਆਦਿ ਮੌਜੂਦ ਸਨ।
Read More : ਰਾਘਵ ਚੱਢਾ ਨੇ ਗਿਗ ਵਰਕਰ ਨਾਲ ਆਪਣੇ ਔਖੇ ਸੈਸ਼ਨ ਦੀ ਪੂਰੀ ਵੀਡੀਓ ਕੀਤੀ ਸਾਂਝੀ
