ਦਰੱਖਤ ਡਿੱਗਣ ਕਾਰਨ ਵਾਹਨ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ
ਸ਼ਿਮਲਾ, 12 ਅਗਸਤ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਭਰ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜ਼ਿਲਾ ਮੰਡੀ ਦੇ ਜੋਗਨੀ ਮੋੜ ਤੇ ਕੈਂਚੀ ਮੋੜ ਨੇੜੇ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ ਰਾਤ ਭਰ ਬੰਦ ਰਹੀ। ਅੱਜ ਸਵੇਰੇ 8.30 ਵਜੇ ਦੋਵਾਂ ਥਾਵਾਂ ‘ਤੇ ਵਨ-ਵੇ ਮਾਰਗ ਬਹਾਲ ਕਰ ਦਿੱਤਾ ਗਿਆ ਹੈ।
ਸ਼ਿਮਲਾ ਦੇ ਵੱਖ-ਵੱਖ ਖੇਤਰਾਂ ਵਿਚ ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਕਾਰਨ ਚਾਰ ਤੋਂ ਵੱਧ ਵਾਹਨ ਨੁਕਸਾਨੇ ਗਏ ਹਨ। ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ISBT ਨੇੜੇ ਪੰਜਾਲੀ ਵਿਚ ਇਕ ਵੱਡਾ ਦਰੱਖ਼ਤ ਇਕ ਵਾਹਨ ‘ਤੇ ਡਿੱਗ ਪਿਆ। ਇਸ ਨਾਲ ਵਾਹਨ, ਘਰ ਦੇ ਗੇਟ ਅਤੇ ਵਿਹੜੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਟੂਟੀਕੰਡੀ, ਵਿਕਾਸ ਨਗਰ ਅਤੇ ਸ਼ਹਿਰ ਦੇ ਕਈ ਖੇਤਰਾਂ ਵਿਚ ਚਾਰ ਵਾਹਨ ਨੁਕਸਾਨੇ ਗਏ ਹਨ।
ਸੂਬੇ ਵਿਚ ਮਾਨਸੂਨ ਸੀਜ਼ਨ ਵਿਚ ਹੁਣ ਤਕ 229 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 36 ਲੋਕ ਲਾਪਤਾ ਹਨ। ਭਾਰੀ ਬਾਰਿਸ਼ ਕਾਰਨ 2007 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਵੀ ਤਬਾਹ ਹੋ ਗਈ ਹੈ। ਸੂਬੇ ਵਿਚ 499 ਘਰ ਪੂਰੀ ਤਰ੍ਹਾਂ ਢਹਿ ਗਏ ਹਨ, ਜਦਕਿ 157 ਘਰਾਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ ਹੈ। ਭਾਰੀ ਮਾਨਸੂਨ ਬਾਰਸ਼ ਕਾਰਨ 311 ਦੁਕਾਨਾਂ ਅਤੇ 1955 ਗਊਸ਼ਾਲਾਵਾਂ ਵੀ ਤਬਾਹ ਹੋ ਗਈਆਂ ਹਨ।
Read More : ਜ਼ਿਲਾ ਖੇਤੀਬਾੜੀ ਵਿਭਾਗ ਦੀ ਟੀਮ ਨੇ ਪਿੰਡ ਚੰਨੂ ਵਿਚ ਕੀਤੀ ਛਾਪੇਮਾਰੀ
