ਮੋਬਾਈਲ ਮੈਡੀਕਲ ਵੈਨਾਂ ਦੇ ਰੂਪ ’ਚ ਹੁਣ ਚੱਲਦਾ ਫਿਰਦਾ ਹਸਪਤਾਲ ਪਿੰਡਾਂ ਦੀ ਚੌਖ਼ਟ ’ਤੇ : ਡਾ. ਬਲਬੀਰ ਸਿੰਘ
ਪਟਿਆਲਾ, 11 ਅਕਤੂਬਰ : ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ 7 ਨਵੀਆਂ ਤਿਆਰ ਕੀਤੀਆਂ ਮੋਬਾਈਲ ਮੈਡੀਕਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਪਟਿਆਲਾ ਦੇ ਵੱਖ-ਵੱਖ ਦਿਹਾਤੀ ਖੇਤਰਾਂ ਵੱਲ ਰਵਾਨਾ ਕੀਤਾ। ਇਹ ਪ੍ਰਾਜੈਕਟ ਹੰਸ ਫਾਊਂਡੇਸ਼ਨ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਸਾਂਝੀ ਕੋਸ਼ਿਸ਼ ਹੈ। ਇਹ ਵੈਨਾਂ ਰੋਜ਼ਾਨਾ ਦੋ ਪਿੰਡਾਂ ਵਿਚ ਜਾਣਗੀਆਂ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਸਰਕਾਰ ਦੇ ‘ਸਿਹਤ ਸੇਵਾਵਾਂ ਹਰ ਵਿਅਕਤੀ ਤੱਕ’ ਉਦੇਸ਼ ਨੂੰ ਹਕੀਕਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਨ੍ਹਾਂ ਮੋਬਾਈਲ ਵੈਨਾਂ ’ਚ ਇਕ ਤਜਰਬੇਕਾਰ ਡਾਕਟਰ, ਫਾਰਮਾਸਿਸਟ, ਲੈਬ ਟੈਕਨੀਸ਼ੀਅਨ ਅਤੇ ਸਮਾਜਿਕ ਵਿਕਾਸ ਅਫ਼ਸਰ ਮੌਜੂਦ ਹੋਣਗੇ। ਇਹ ਵੈਨਾਂ ਰੋਜ਼ਾਨਾਂ ਪਿੰਡਾਂ ’ਚ ਦੌਰਾ ਕਰਦੀਆਂ ਹੋਈਆਂ ਲੋਕਾਂ ਨੂੰ ਸਿੱਧੀ ਸਿਹਤ ਸੇਵਾ ਮੁਹੱਈਆ ਕਰਵਾਉਣਗੀਆਂ ਅਤੇ ਹਰ ਵੈਨ ’ਚ ਲਗਭਗ ਸਾਰੇ ਜ਼ਰੂਰੀ ਟੈਸਟਾਂ ਲਈ ਸਾਜੋ-ਸਾਮਾਨ ਮੌਜੂਦ ਹੋਵੇਗਾ। ਇਨ੍ਹਾਂ ਵੈਨਾਂ ਰਾਹੀਂ ਨਾਗਰਿਕਾਂ ਨੂੰ ਮੁਫ਼ਤ ਟੈਸਟ, ਮੁਫ਼ਤ ਦਵਾਈਆਂ ਅਤੇ ਡਾਕਟਰੀ ਸਲਾਹ ਮਿਲੇਗੀ।
ਉਨ੍ਹਾਂ ਕਿਹਾ ਕਿ ਮੋਬਾਈਲ ਮੈਡੀਕਲ ਕਲੀਨਿਕ ਇਕ ਚਲਦਾ-ਫਿਰਦਾ ਹਸਪਤਾਲ ਹੈ, ਜੋ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਇਹ ਵੈਨਾਂ ਨਾ ਸਿਰਫ਼ ਸਿਹਤ ਸੇਵਾਵਾਂ ਦੇਣਗੀਆਂ, ਸਗੋਂ ਸਿਹਤ ਸਬੰਧੀ ਜਾਗਰੂਕਤਾ ਵੀ ਫੈਲਾਉਣਗੀਆਂ। ਇਸ ਰਾਹੀਂ ਲੋਕਾਂ ਨੂੰ ਉਚਿਤ ਸਲਾਹ, ਨਿਯਮਤ ਦਵਾਈ, ਲੋੜੀਦੇ ਟੈਸਟ ਅਤੇ ਤੁਰੰਤ ਸਹੂਲਤ ਮਿਲੇਗੀ।
ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਅਜਿਹੇ ਮੋਬਾਈਲ ਕਲੀਨਿਕ ਯੂਨਿਟ ਤਿਆਰ ਕਰ ਕੇ ਵੱਖ-ਵੱਖ ਜ਼ਿਲਿਆਂ ’ਚ ਭੇਜੇ ਜਾਣਗੇ ਅਤੇ ਪਿੰਡਾਂ ਵਿਚ ਅਲਟਰਾਸਾਊਂਡ ਮਸ਼ੀਨਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਾਜੈਕਟ ਕੋਆਰਡੀਨੇਟਰ ਅਨਿਰੁਧ, ਹੰਸ ਫਾਊਂਡੇਸ਼ਨ ਤੋਂ ਸੀਮਾ ਸਿੰਘ, ਹਰੀਸ਼ ਪਾਂਡੇ, ਸਿਹਤ ਵਿਭਾਗ ਦੇ ਅਧਿਕਾਰੀ , ਜਸਬੀਰ ਗਾਂਧੀ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।
Read More : ਭਗਵੰਤ ਮਾਨ ਤੇ ਕੇਜਰੀਵਾਲ ਨੇ ਐੱਲ.ਪੀ.ਯੂ. ਦੇ ਸਮਾਗਮ ਕੀਤੀ ਸ਼ਿਰਕਤ