ਚੰਡੀਗੜ੍ਹ, 10 ਅਕਤੂਬਰ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਪੰਜਾਬ ਰਾਜ ਮਾਨਸਿਕ ਸਿਹਤ ਨੀਤੀ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਅਤੇ ਸਾਰਿਆਂ ਲਈ ਮਿਆਰੀ ਮਾਨਸਿਕ ਸਿਹਤ ਦੇਖਭਾਲ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ।
ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ ‘ਤੇ ਪੰਜਾਬ ਸਰਕਾਰ ਵੱਲੋਂ ਇਹ ਨੀਤੀ ਲਿਆਉਣ ਦਾ ਉਦੇਸ਼ ਹਰ ਇੱਕ ਲਈ ਮਾਨਸਿਕ ਤੰਦਰੁਸਤੀ ਦੇ ਅਧਿਕਾਰ ਨੂੰ ਯਕੀਨੀ ਬਣਾਉਣਾ ਹੈ।
ਸਿਹਤ ਮੰਤਰੀ ਕੇ ਕਿਹਾ ਕਿ ਇਹ ਸਾਡੇ ਸਮਾਜ ਲਈ ਵੱਡੀ ਤ੍ਰਾਸਦੀ ਹੈ ਕਿ ਅਕਸਰ ਮਾਨਸਿਕ ਤੌਰ ‘ਤੇ ਪ੍ਰਭਾਵਿਤ ਵਿਅਕਤੀ ਨੂੰ ਬਿਨਾਂ ਕੁਝ ਦੱਸੇ ਇਕੱਲਿਆਂ ਦੁੱਖ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਨਾਲ ਹਾਲਾਤ ਹੋਰ ਵਿਗੜ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਅਸੀਂ ਮਾਨਸਿਕ ਸਿਹਤ ਸੇਵਾਵਾਂ ਨੂੰ ਆਪਣੇ ਮੁੱਢਲੇ ਸਿਹਤ ਸੰਭਾਲ ਢਾਂਚੇ ‘ਚ ਏਕੀਕ੍ਰਿਤ ਕਰਕੇ ਇਹ ਯਕੀਨੀ ਬਣਾਉਣ ਲਈ ਸੁਹਿਰਦ ਹਾਂ ਕਿ ਮੱਦਦ ਮੰਗਣ ਵਾਲੇ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਸਹਾਇਤਾ ਅਤੇ ਮਿਆਰੀ ਇਲਾਜ ਮਿਲੇ।
ਡਾ. ਬਲਬੀਰ ਸਿੰਘ ਨੇ ਇਸ ਨੀਤੀ ਤਹਿਤ ਸਭ ਤੋਂ ਵੱਧ ਲੋੜ ਵਾਲੇ ਵਿਅਕਤੀਆਂ ਖਾਸ ਕਰਕੇ ਔਰਤਾਂ ਦੀ ਮਾਨਸਿਕ ਸਿਹਤ ਵੱਲ ਛੇਤੀ ਤੋਂ ਛੇਤੀ ਧਿਆਨ ਦੇਣ ਦੀ ਪਹੁੰਚ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਔਰਤਾਂ ਨੂੰ ਅਕਸਰ ਵੱਖ-ਵੱਖ ਤਰੀਕੇ ਨਾਲ ਸਮਾਜਿਕ ਅਤੇ ਘਰੇਲੂ ਦਬਾਅ ਝੱਲਣਾ ਪੈਂਦਾ ਹੈ, ਜੋ ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਹਨ।
ਇਸ ਲਈ ਸਾਡੀ ਨੀਤੀ ਲਿੰਗ-ਸੰਵੇਦਨਸ਼ੀਲ ਪਹੁੰਚ ਨੂੰ ਲਾਜ਼ਮੀ ਕਰਦਿਆਂ ਇਹ ਯਕੀਨੀ ਬਣਾਉਂਦੀ ਹੈ ਕਿ ਔਰਤਾਂ ਨੂੰ ਸੁਰੱਖਿਅਤ, ਗੁਪਤ ਅਤੇ ਹਮਦਰਦ ਢੰਗ ਨਾਲ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਮਿਲੇ।
ਸਿਹਤ ਮੰਤਰੀ ਨੇ ਇਸ ਸਾਲ ਦੇ ਥੀਮ ‘ਸੇਵਾ ਤੱਕ ਪਹੁੰਚ: ਆਫ਼ਤਾਂ ਅਤੇ ਐਮਰਜੈਂਸੀ ‘ਚ ਮਾਨਸਿਕ ਸਿਹਤ’ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਾਡੇ ਸੂਬੇ ਨੇ ਆਪ੍ਰੇਸ਼ਨ ਸੰਧੂਰ ਅਤੇ ਹਾਲ ਹੀ ‘ਚ ਆਏ ਵਿਨਾਸ਼ਕਾਰੀ ਹੜ੍ਹਾਂ ਵਰਗੇ ਗੰਭੀਰ ਹੰਗਾਮੀ ਹਾਲਾਤਾਂ ਦਾ ਡਟ ਕੇ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਆਫ਼ਤਾਂ ਜੀਵਨ ਅਤੇ ਰੋਜ਼ੀ-ਰੋਟੀ ਦੇ ਵੱਡੇ ਨੁਕਸਾਨ ਰਾਹੀਂ ਡੂੰਘੇ ਮਾਨਸਿਕ ਜ਼ਖ਼ਮ ਦਿੰਦੀਆਂ ਹਨ, ਜਿਸ ਨਾਲ ਮਜ਼ਬੂਤ ਮਾਨਸਿਕ ਸਿਹਤ ਦੇਖਭਾਲ ਪ੍ਰਣਾਲੀ ਸਿਰਫ਼ ਇੱਕ ਸੇਵਾ ਨਹੀਂ, ਸਗੋਂ ਇੱਕ ਸੰਪੂਰਨ ਲੋੜ ਬਣ ਜਾਂਦੀ ਹੈ|
ਡਾ. ਬਲਬੀਰ ਸਿੰਘ ਨੇ ਕਿਹਾ ਕਿ ਰਾਜ ਮਾਨਸਿਕ ਸਿਹਤ ਨੀਤੀ ਸਮਾਨਤਾ, ਨਿਆਂ ਅਤੇ ਏਕੀਕ੍ਰਿਤ ਦੇਖਭਾਲ ਵਰਗੇ ਸਿਧਾਂਤਾਂ ‘ਤੇ ਅਧਾਰਤ ਹੈ, ਜੋ ਸੂਬੇ ‘ਚ ਸਿਖਲਾਈ ਪ੍ਰਾਪਤ ਮਾਨਸਿਕ ਸਿਹਤ ਪੇਸ਼ੇਵਰਾਂ ਦੀ ਗਿਣਤੀ ਨੂੰ ਵਧਾ ਕੇ ਮਾਨਸਿਕ ਸਿਹਤ ਸੇਵਾਵਾਂ ਦੀ ਸਮਰੱਥਾ ਨੂੰ ਵਧਾਏਗੀ।
Read More : ਹਲਕਾ ਦਿੜ੍ਹਬਾ ’ਚ 60 ਕਿਲੋਮੀਟਰ ਨਵੀਆਂ ਬਣਨਗੀਆਂ ਸੜਕਾਂ : ਹਰਪਾਲ ਚੀਮਾ